ਸੰਦੀਪ ਸਿੰਘ ਧੰਜੂ, ਸਰੀ : ਤਾਲਿਬਾਨ ਵੱਲੋਂ ਅਫਗਾਨਿਸਤਾਨ ਉਤੇ ਹਮਲਿਆਂ ਉਪਰੰਤ ਕਬਜ਼ਾ ਕਰਨ ਦੌਰਾਨ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਕਰੀਬ 20,000 ਅਫਗਾਨ ਨਾਗਰਿਕਾਂ ਦਾ ਕੈਨੇਡਾ ਵਿੱਚ ਮੁੜ-ਵਸੇਬਾ ਕਰੇਗੀ।ਇਹ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਮਾਕਰ ਮੈਂਡੀਸਿਨੋ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਜਿਸ ਦੌਰਾਨ ਉਨ੍ਹਾਂ ਦੱਸਿਆ ਕਿ 20,000 ਤੋਂ ਵੱਧ ਅਫਗਾਨ ਸ਼ਰਨਾਰਥੀਆਂ, ਜਿੰਨਾ ਵਿੱਚ ਸਿੱਖ ਅਤੇ ਹਿੰਦੂ ਸ਼ਾਮਲ ਹਨ, ਦੇ ਸਵਾਗਤ ਲਈ ਇੱਕ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਵਿਵਸਥਾ ਤਹਿਤ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਪਿਛਲੇ ਹਫਤੇ ਕੈਨੇਡਾ ਨੇ ਐਲਾਨ ਕੀਤਾ ਸੀ ਕਿ ਉਹ ਅਫਗਾਨਿਸਤਾਨ ’ਚ ਕੈਨੇਡਾ ਦੇ ਫੌਜੀ ਯਤਨਾਂ ’ਚ ਸਹਾਇਤਾ ਕਰਨ ਵਾਲਿਆਂ ਲਈ ਬਣਾਏ ਗਏ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮਾਂ ਜ਼ਰੀਏ ਹਜ਼ਾਰਾਂ ਅਫਗਾਨਿਸਤਾਨੀ ਨਾਗਰਿਕਾਂ ਦਾ ਮੁੜ-ਵਸੇਬਾ ਕਰੇਗਾ। ਤਾਲਿਬਾਨ ਨੇ ਰਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡ ਜਾਣ ਉਪਰੰਤ ਰਾਸ਼ਟਰਪਤੀ ਭਵਨ ਉਤੇ ਕਬਜ਼ਾ ਕਰ ਲਿਆ ਹੈ ਜਿਸ ਦੌਰਾਨ ਤਾਲਿਬਾਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਹ 'ਇਸਲਾਮਿਕ ਐਮੀਰੇਟਜ ਆਫ ਅਫਗਾਨਿਸਤਾਨ ' ਦੇ ਨਾਮ ਹੇਠ ਦੇਸ਼ ਵਿੱਚ ਆਪਣਾ ਰਾਜ ਸਥਾਪਿਤ ਕਰਨਗੇ।

ਬਦਲ ਚੁੱਕੇ ਹਾਲਾਤਾਂ ਕਾਰਨ ਹਜਾਰਾਂ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਹਮੇਸ਼ਾਂ ਹੀ ਅਜਿਹੇ ਹਾਲਾਤਾਂ ਦੌਰਾਨ ਸੁਰੱਖਿਆ ਦੇਣ ਲਈ ਵਚਨਬੱਧ ਹੈ ਅਤੇ ਛੇਤੀ ਤੋਂ ਛੇਤੀ ਦੇਸ਼ ਛੱਡ ਰਹੇ ਲੋਕਾਂ ਉਥੋਂ ਕੱਢ ਕੇ ਕੈਨੇਡਾ ਵਿੱਚ ਸੁਰੱਖਿਆ ਦੇਣ ਲਈ ਯਤਨਸ਼ੀਲ ਹੈ।

Posted By: Tejinder Thind