ਪੱਤਰ ਪ੍ਰੇਰਕ, ਟੋਰਾਂਟੋ : ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਦੇਰ ਰਾਤ ਆਏ ਨਤੀਜਿਆਂ ਮੁਤਾਬਿਕ ਭਾਵੇਂ ਕਿ ਲਿਬਰਲ ਆਗੂ ਜਸਟਿਨ ਟਰੂਡੋ ਮੁੜ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਪਰ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਉਹ ਘੱਟ ਗਿਣਤੀ ਸਰਕਾਰ ਦੀ ਹੀ ਅਗਵਾਈ ਕਰਨਗੇ। ਜਿਸ ਮਕਸਦ ਨੁੂੰ ਲੈ ਕੇ ਉਨ੍ਹਾਂ ਨੇ ਸਮੇਂ ਤੋ ਪਹਿਲਾਂ ਚੋਣਾਂ ਕਰਵਾਈਆਂ, ਉਨ੍ਹਾਂ ਦਾ ਉਹ ਮਕਸਦ ਪੂਰਾ ਨਹੀ ਹੋਇਆ। ਲਿਬਰਲ ਪਾਰਟੀ ਬਹੁਮਤ ਲਈ ਲੋੜੀਦੀਆਂ 170 ਸੀਟਾਂ ਜਿੱਤਣ ’ਚ ਸਫਲ ਨਹੀ ਹੋਈ ਬਲਕਿ ਪਿਛਲੀ ਵਾਰ ਨਾਲੋਂ ਕੇਵਲ ਇਕ ਸੀਟ ਵਧਾ ਕੇ 158 ਸੀਟਾਂ ਹੀ ਲਿਜਾਣ ਵਿਚ ਸਫਲ ਰਹੀ। ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ। ਪਿਛਲੀ ਵਾਰ ਉਸ ਦੀਆਂ 121 ਸੀਟਾਂ ਸਨ। ਬਲਾਕ ਕਿਊਬੈਕਾਂ 2 ਸੀਟਾਂ ਵਧਾਉਣ ’ਚ ਕਾਮਯਾਬ ਰਹੀ। ਉਸ ਨੂੰ ਇਸ ਵਾਰ 34 ਸੀਟਾਂ ਮਿਲੀਆਂ ਜਦੋਂਕਿ ਐੱਨਡੀਪੀ ਨੂੰ 25 ਸੀਟਾਂ ਮਿਲੀਆਂ। ਪਿਛਲੀ ਵਾਰ ਉਸ ਦੀਆਂ 24 ਸੀਟਾਂ ਸਨ। ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ ਜਦੋਂ ਕਿ ਉਸ ਦੀ ਪਾਰਟੀ ਆਗੂ ਅਨੈਮੀ ਪਾਲ ਆਪਣੀ ਸੀਟ ਹਾਰ ਗਈ। ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਕੋਈ ਸੀਟ ਨਹੀ ਮਿਲੀ ਤੇ ਉਸ ਦੇ ਆਗੂ ਮੈਕਸਿਮ ਬਰਨੀਅਰ ਵੀ ਚੋਣ ਹਾਰ ਗਏ।

ਇਹ ਜਿੱਤੇ ਪੰਜਾਬੀ ਉਮੀਦਵਾਰ

ਬੀਸੀ ’ਚ ਪੰਜਾਬੀ ਉਮੀਦਵਾਰਾਂ ’ਚੋਂ ਸਰੀ ਨਿਊਟਨ ਤੋਂ ਸੁੱਖ ਧਾਲੀਵਾਲ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ, ਬਰਨਬੀ ਸਾਊਥ ਤੋਂ ਐੱਨਡੀਪੀ ਆਗੂ ਜਗਮੀਤ ਸਿੰਘ ਤੋਂ ਜੇਤੂ ਰਹੇ। ਰਿਚਮੰਡ ਈਸਟ ਤੋਂ ਲਿਬਰਲ ਉਮੀਦਵਾਰ ਪਰਮ ਬੈਂਸ ਪਹਿਲੀ ਵਾਰ ਐੱਮਪੀ ਬਣਨ ’ਚ ਸਫਲ ਰਹੇ। ਕਲੋਵਰਡੇਲ ਲੈਂਗਲੀ ਸਿਟੀ ਤੋਂ ਲਿਬਰਲ ਜੌਨ ਐਲਡੈਗ ਤੇ ਫਲੀਟਵੁੱਡ ਤੇ ਕੈਨ ਹਾਰਡੀ ਚੋਣ ਜਿਤੇ। ਇਸੇ ਤਰ੍ਹਾਂ ਅਲਬਰਟਾ ਵਿਚ ਕੈਲਗਰੀ ਫਾਰੈਸਟ ਲਾਅਨ ਤੋ ਕੰਸਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਤੇ ਕੈਲਗਰੀ ਸਕਾਈਵਿਊ ਤੋ ਲਿਬਰਲ ਉਮੀਦਵਾਰ ਜੌਰਜ ਚਾਹਲ ਜੇਤੂ ਰਹੇ। ਐਡਮਿੰਟਨ ਮਿਲਵੁੱਡਜ਼ ਤੋ ਟਿਮ ਉੱਪਲ ਮੁੜ ਚੋਣ ਜਿੱਤ ਗਏ। ਉਹ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੇ ਰਿਸ਼ਤੇਦਾਰ ਹਨ। ਓਨਟਾਰੀਓ ਵਿਚ ਬਰੈਂਪਟਨ ਈਸਟ ਤੋ ਮਨਿੰਦਰ ਸਿੱਧੂ, ਬਰੈਂਪਟਨ ਨਾਰਥ ਤੋ ਰੂਬੀ ਸਹੋਤਾ, ਬਰੈਂਪਟਨ ਸਾਊਥ ਤੋ ਸੋਨੀਆ ਸਿੱਧੂ, ਬਰੈਂਪਟਨ ਵੈਸਟ ਤੋਂ ਕਮਲ ਖੇੜਾ ਤੇ ਮਿਸੀਸਾਗਾ ਤੋ ਇਕਵਿੰਦਰ ਸਿੰਘ ਗਹੀਰ ਮੁੜ ਚੋਣ ਜਿੱਤਣ ਵੀ ਕਾਮਯਾਬ ਰਹੇ।

Posted By: Jatinder Singh