ਸਿਓਲ : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁੜ ਵਾਰਤਾ ਕਰਨ ਦੇ ਇਛੁੱਕ ਹਨ। ਕਿਮ ਨਾਲ ਇਸ ਬੈਠਕ 'ਚ ਉਹ ਅਮਰੀਕੀ ਪਾਬੰਦੀ ਕਾਰਨ ਉੱਤਰੀ ਕੋਰੀਆ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਦੀ ਦਿਸ਼ਾ 'ਚ ਨਵੀਂ ਪਹਿਲ ਕਰਨਾ ਚਾਹੁੰਦੇ ਹਨ। ਪਿਛਲੇ ਸਾਲ ਮੂਨ ਤੇ ਕਿਮ ਦਰਮਿਆਨ ਤਿੰਨ ਵਾਰ ਮੁਲਾਕਾਤ ਹੋਈ ਸੀ।

ਸੀਨੀਅਰ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਮੂਨ ਨੇ ਇੱਥੇ ਕਿਹਾ, 'ਅਸੀਂ ਉੱਤਰੀ ਕੋਰੀਆ ਨਾਲ ਇਕ ਹੋਰ ਬੈਠਕ ਕਰ ਕੇ ਅੱਗੇ ਦਾ ਰਸਤਾ ਤੈਅ ਕਰਨ ਲਈ ਆਸਵੰਦ ਹਾਂ। ਇਸ ਵਾਰਤਾ ਦਾ ਮਕਸਦ ਉੱਤਰੀ ਕੋਰੀਆ ਦੀਆਂ ਅਮਰੀਕਾ ਨਾਲ ਪਿਛਲੀਆਂ ਦੋ ਬੈਠਕਾਂ ਤੋਂ ਉਪਜੇ ਨਤੀਜੇ ਨੂੰ ਅੱਗੇ ਵਧਾਉਣਾ ਹੈ।' ਮੂਨ ਦਾ ਇਹ ਬਿਆਨ ਉੱਤਰੀ ਕੋਰੀਆ ਦੇ ਸਰਬਉੱਚ ਆਗੂ ਕਿਮ ਦੇ ਉੁਸ ਬਿਆਨ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਦੱਖਣੀ ਕੋਰੀਆ ਨੂੰ ਅਤਿ ਉਤਸ਼ਾਹੀ ਵਿਚੋਲਾ ਕਹਿ ਕੇ ਵਿਅੰਗ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਿਮ ਜੋਂਗ ਉਨ ਦੀਆਂ ਦੋਵੇਂ ਸਿਖਰ ਵਾਰਤਾਵਾਂ 'ਚ ਦੱਖਣੀ ਕੋਰੀਆ ਵਿਚੋਲਗੀ ਦੀ ਭੂਮਿਕਾ 'ਚ ਸੀ।