ਮੈਲਬੌਰਨ, ਪੀਟੀਆਈ : ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਦੇ ਯਤਨ ਵਿਚ ਕਈ ਇਲਾਜ ਅਤੇ ਵੈਕਸੀਨ 'ਤੇ ਖੋਜ ਦੇ ਨਾਲ ਹੀ ਜਾਂਚ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ 'ਤੇ ਵੀ ਕੰਮ ਚੱਲ ਰਿਹਾ ਹੈ। ਇਸੇ ਯਤਨ ਵਿਚ ਵਿਗਿਆਨਕਾਂ ਨੇ ਇਕ ਅਜਿਹਾ ਨਵਾਂ ਟੈਸਟ ਈਜਾਦ ਕੀਤਾ ਹੈ ਜਿਸ ਨਾਲ ਸਿਰਫ਼ 20 ਮਿੰਟਾਂ ਵਿਚ ਹੀ ਨਤੀਜਾ ਸਾਹਮਣੇ ਆ ਸਕਦਾ ਹੈ। ਇਹ ਕਿਫ਼ਾਇਤੀ ਸਵੈਬ ਟੈਸਟ ਸਹੀ ਜਾਣਕਾਰੀ ਦੇ ਨਾਲ ਜਾਂਚ ਕਰ ਕੇ ਕੋਰੋਨਾ ਪਾਜ਼ੇਟਿਵ ਦੀ ਪਛਾਣ ਕਰ ਸਕਦਾ ਹੈ।

ਮੈਡੀਕਲ ਮਾਈਕ੍ਰੋਬਾਇਓਲੋਜੀ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਐੱਨ1-ਸਟਾਪ-ਲੈਂਪ ਨਾਮਕ ਨਵਾਂ ਟੈਸਟ ਪ੍ਰਰੀਖਣ ਵਿਚ ਕੋਰੋਨਾ ਦਾ ਪਤਾ ਲਗਾਉਣ ਵਿਚ 100 ਫ਼ੀਸਦੀ ਖਰਾ ਪਾਇਆ ਗਿਆ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਹ ਟੈਸਟ ਉੱਚ ਪੱਧਰ 'ਤੇ ਸਹੀ ਜਾਂਚ ਕਰ ਸਕਦਾ ਹੈ। ਇਸ ਦੀ ਵਰਤੋਂ ਵੀ ਆਸਾਨ ਹੈ। ਜਾਂਚ ਦੀ ਇਸ ਵਿਧੀ ਵਿਚ ਇਕ ਛੋਟੇ ਆਕਾਰ ਦੀ ਪੋਰਟੇਬਲ ਮਸ਼ੀਨ ਦੀ ਵਰਤੋਂ ਕੀਤੀ ਗਈ ਹੈ। ਇਹ ਮਸ਼ੀਨ ਭਰੋਸੇ ਦੇ ਨਾਲ ਸਿਰਫ਼ ਇਕ ਸਵੈਬ ਨਮੂਨੇ ਤੋਂ ਕੋਵਿਡ-19 ਦੀ ਪਛਾਣ ਕਰ ਸਕਦੀ ਹੈ।

ਆਸਟ੍ਰੇਲੀਆ ਦੀ ਮੈਲਬੌਰਨ ਯੂਨੀਵਰਸਿਟੀ ਦੇ ਪ੍ਰਰੋਫੈਸਰ ਟਿਮ ਸਿਟਨੀਅਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਦੀ ਦੌੜ ਵਿਚ ਤੇਜ਼ੀ ਨਾਲ ਸਹੀ ਜਾਂਚ ਅਹਿਮ ਕੁੰਜੀ ਹੈ। ਅਸੀਂ ਇਹ ਨਵਾਂ ਟੈਸਟ ਵਿਕਸਤ ਕੀਤਾ ਹੈ ਜਿਸ ਨੂੰ ਤੇਜ਼ੀ ਨਾਲ ਉਨ੍ਹਾਂ ਥਾਵਾਂ 'ਤੇ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ ਜਿੱਥੇ ਮਾਨਕ ਤਹਿਤ ਟੈਸਟਿੰਗ ਲੈਬ ਦੀ ਉਪਲੱਬਧਤਾ ਸੀਮਤ ਹੈ। ਖੋਜੀਆਂ ਮੁਤਾਬਕ ਐੱਨ1-ਸਟਾਪ-ਲੈਂਪ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪਛਾਣ ਕਰਨ ਵਿਚ ਇਕਦਮ ਸਹੀ ਪਾਇਆ ਗਿਆ। ਇਸ ਨੂੰ 157 ਨਮੂਨਿਆਂ 'ਤੇ ਅਜ਼ਮਾਇਆ ਗਿਆ। 93 ਮਾਮਲਿਆਂ ਵਿਚ ਨਤੀਜਾ ਆਉਣ ਵਿਚ ਅੌਸਤਨ 14 ਮਿੰਟ ਦਾ ਸਮਾਂ ਲੱਗਾ।