ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਜੇਕਰ ਜੋ ਬਿਡੇਨ ਦੀ ਸਰਕਾਰ ਬਣੀ ਤਾਂ ਦੱਖਣੀ ਏਸ਼ੀਆ ਵਿਚ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਏਨਾ ਹੀ ਨਹੀਂ ਅਮਰੀਕਾ-ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਤਰਜੀਹ ਵਿਚ ਸ਼ਾਮਲ ਹੋਵੇਗਾ। ਇਹ ਗੱਲ ਬਿਡੇਨ ਦੀ ਚੋਣ ਪ੍ਰਚਾਰ ਮੁਹਿੰਮ ਟੀਮ ਨੇ ਹਿੰਦੂ-ਅਮਰੀਕਨ ਪੋਲੀਟੀਕਲ ਐਕਸ਼ਨ ਕਮੇਟੀ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਲਿਖਤੀ ਜਵਾਬ ਵਿਚ ਕਹੀ।

ਦਰਅਸਲ ਕਮੇਟੀ ਨੇ ਟਰੰਪ ਜਾਂ ਬਿਡੇਨ ਦਾ ਸਮਰਥਨ ਕਰਨ ਤੋਂ ਪਹਿਲੇ ਦੋਵਾਂ ਨੇਤਾਵਾਂ ਦੀ ਮੁਹਿੰਮ ਟੀਮ ਨੂੰ ਇਕ ਪ੍ਰਸ਼ਨਾਵਲੀ ਭੇਜ ਕੇ ਭਾਰਤ, ਦੱਖਣੀ ਏਸ਼ੀਆ ਨਾਲ ਜੁੜੇ ਕੁਝ ਪ੍ਰਮੁੱਖ ਮੁੱਦਿਆਂ 'ਤੇ ਉਨ੍ਹਾਂ ਦਾ ਵਿਚਾਰ ਜਾਣਨਾ ਚਾਹਿਆ ਹੈ। ਜ਼ਿਕਰਯੋਗ ਹੈ ਕਿ ਤਿੰਨ ਨਵੰਬਰ ਨੂੰ ਅਮਰੀਕਾ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਜਿੱਥੇ ਦੂਜੀ ਵਾਰ ਕਿਸਮਤ ਅਜ਼ਮਾ ਰਹੇ ਹਨ ਉੱਥੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋ ਬਿਡੇਨ ਉਨ੍ਹਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ।

ਬਿਡੇਨ ਦੀ ਚੋਣ ਪ੍ਰਚਾਰ ਮੁਹਿੰਮ ਟੀਮ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਅਤੇ ਅਮਰੀਕਾ ਇਕ ਸੁਭਾਵਿਕ ਭਾਈਵਾਲ ਹਨ ਅਤੇ ਸੱਤਾ ਵਿਚ ਆਉਣ 'ਤੇ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਲਗਾਤਾਰ ਮਜ਼ਬੂਤ ਬਣਾਉਣਾ ਸਾਡੇ ਪ੍ਰਸ਼ਾਸਨ ਦੀ ਉੱਚ ਤਰਜੀਹ ਹੋਵੇਗੀ। ਮੁਹਿੰਮ ਟੀਮ ਨੇ ਕਿਹਾ ਕਿ ਬਿਡੇਨ ਅਤੇ ਹੈਰਿਸ ਪ੍ਰਸ਼ਾਸਨ ਵਿਚ ਦੱਖਣੀ ਏਸ਼ੀਆ, ਸਰਹੱਦ ਪਾਰ ਜਾਂ ਹੋਰ ਕਿਸੇ ਤਰ੍ਹਾਂ ਦਾ ਅੱਤਵਾਦ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਾਡਾ ਪ੍ਰਸ਼ਾਸਨ ਰੱਖਿਆ ਅਤੇ ਅੱਤਵਾਦ ਵਿਰੋਧੀ ਭਾਈਵਾਲ ਦੇ ਰੂਪ ਵਿਚ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ। ਮੁਹਿੰਮ ਟੀਮ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ-ਬਿਡੇਨ ਪ੍ਰਸ਼ਾਸਨ ਦੌਰਾਨ ਅਮਰੀਕਾ ਅਤੇ ਭਾਰਤ ਨੇ ਹਰ ਦੇਸ਼ ਅਤੇ ਪੂਰੇ ਖੇਤਰ ਵਿਚ ਅੱਤਵਾਦ ਨਾਲ ਲੜਨ ਲਈ ਆਪਣੇ ਸਹਿਯੋਗ ਨੂੰ ਮਜ਼ਬੂਤ ਕੀਤਾ ਅਤੇ ਜੇਕਰ ਅਸੀਂ ਸੱਤਾ ਵਿਚ ਆਏ ਤਾਂ ਬਿਡੇਨ-ਹੈਰਿਸ ਪ੍ਰਸ਼ਾਸਨ ਵੀ ਇਹ ਯਤਨ ਜਾਰੀ ਰੱਖੇਗਾ। ਦੱਖਣੀ ਏਸ਼ੀਆ ਅਤੇ ਹੋਰ ਥਾਵਾਂ 'ਤੇ ਧਾਰਮਿਕ ਘੱਟ ਗਿਣਤੀਆਂ ਦੀਆਂ ਖ਼ਤਰਨਾਕ ਸਥਿਤੀਆਂ ਦੇ ਬਾਰੇ ਵਿਚ ਵੀ ਬਿਡੇਨ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ 'ਤੇ ਉਨ੍ਹਾਂ ਦਾ ਪ੍ਰਸ਼ਾਸਨ ਦੁਨੀਆ ਭਰ ਦੇ ਸ਼ਰਨਾਰਥੀਆਂ ਲਈ ਆਸ ਦੀ ਇਕ ਕਿਰਨ ਦੇ ਰੂਪ ਵਿਚ ਖੜ੍ਹੇ ਹੋਣ ਲਈ ਅਮਰੀਕਾ ਦੀ ਪ੍ਰਤੀਬੱਧਤਾ ਨੂੰ ਇਕ ਨਵਾਂ ਰੂਪ ਦੇਵੇਗਾ।