ਕੈਨਬਰਾ (ਏਜੰਸੀਆਂ) : ਗੂਗਲ ਨੇ ਆਸਟ੍ਰੇਲੀਆ ਵਿਚ ਮੁਫ਼ਤ ਸਰਚ ਸੇਵਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਤਕਨੀਕੀ ਕੰਪਨੀ ਨੇ ਇਹ ਧਮਕੀ ਆਸਟ੍ਰੇਲਿਆਈ ਸਰਕਾਰ ਦੇ ਉਸ ਆਦੇਸ਼ ਪਿੱਛੋਂ ਦਿੱਤੀ ਹੈ ਜਿਸ ਵਿਚ ਉਸ ਨੇ ਖ਼ਬਰ ਸਮੱਗਰੀ ਬਦਲੇ ਗੂਗਲ ਨੂੰ ਸਥਾਨਕ ਮੀਡੀਆ ਸੰਗਠਨਾਂ ਨੂੰ ਪੈਸੇ ਦੇਣ ਦਾ ਆਦੇਸ਼ ਦਿੱਤਾ ਹੈ।

ਦਰਅਸਲ, ਆਸਟ੍ਰੇਲੀਆ ਇਕ ਕਾਨੂੰਨ ਦੇ ਖਰੜੇ 'ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਗੂਗਲ ਅਤੇ ਫੇਸਬੁੱਕ ਦੋਵਾਂ ਨੂੰ ਮੀਡੀਆ ਕੰਪਨੀਆਂ ਤੋਂ ਲਈਆਂ ਗਈਆਂ ਖ਼ਬਰਾਂ ਦੀ ਸਮੱਗਰੀ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਕਾਨੂੰਨ 'ਤੇ ਜਨਤਕ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਇਕ ਹਫ਼ਤੇ ਵਿਚ ਪੂਰੀ ਹੋਣੀ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਗੂਗਲ ਦੇ ਪ੍ਰਬੰਧ ਨਿਰਦੇਸ਼ਕ ਮੇਲ ਸਿਲਵਾ ਨੇ ਪੱਤਰ ਵਿਚ ਕਿਹਾ ਕਿ ਇਸ ਪ੍ਰਸਤਾਵਿਤ ਕਾਨੂੰਨ ਕਾਰਨ ਸਾਨੂੰ ਤੁਹਾਨੂੰ ਕਾਫ਼ੀ ਖ਼ਰਾਬ ਗੂਗਲ ਸਰਚ ਅਤੇ ਯੂਟਿਊਬ ਉਪਲੱਬਧ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ। ਨਾਲ ਹੀ ਯੂਜ਼ਰ ਦਾ ਡਾਟਾ ਵੱਡੀਆਂ ਖ਼ਬਰ ਕੰਪਨੀਆਂ ਨੂੰ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ ਆਸਟ੍ਰੇਲੀਆ ਵਿਚ ਤੁਹਾਨੂੰ ਗੂਗਲ ਸਰਚ ਦੀ ਮੁਫ਼ਤ ਸਹੂਲਤ ਵੀ ਗੁਆਉਣੀ ਪੈ ਸਕਦੀ ਹੈ। ਗੂਗਲ ਅਤੇ ਫੇਸਬੁੱਕ ਦੋਵਾਂ ਨੇ ਹੀ ਪਿਛਲੇ ਮਹੀਨੇ ਜਾਰੀ ਕੀਤੇ ਪ੍ਰਸਤਾਵਿਤ ਕਾਨੂੰਨ ਦੀ ਨਿੰਦਾ ਕੀਤੀ ਹੈ। ਉਧਰ, ਪ੍ਰਸਤਾਵਿਤ ਕਾਨੂੰਨ ਤਿਆਰ ਕਰਨ ਵਾਲੇ ਆਸਟ੍ਰੇਲੀਆ ਦੇ 'ਕੰਪੀਟੀਸ਼ਨ ਕਮਿਸ਼ਨ' ਦੇ ਚੇਅਰਮੈਨ ਰੋਡ ਸਮਿਥ ਨੇ ਗੂਗਲ ਦੇ ਪੱਤਰ ਨੂੰ ਤੱਥਾਂ ਤੋਂ ਪਰੇ ਦੱਸਿਆ ਹੈ।