ਮੈਲਬੌਰਨ (ਰਾਇਟਰ) : ਫਰਾਂਸ ਤੋਂ ਅਲੱਗ ਹੋਣ ਦੇ ਮੁੱਦੇ 'ਤੇ ਐਤਵਾਰ ਨੂੰ ਨਿਊ ਕੈਲੇਡੋਨੀਆ ਵਿਚ ਰਾਇਸ਼ੁਮਾਰੀ ਕਰਵਾਈ ਗਈ। ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਾਂ ਪਾਈਆਂ। ਜੇਕਰ ਇੱਥੋਂ ਦੇ ਲੋਕ ਫਰਾਂਸ ਤੋਂ ਅਲੱਗ ਹੋਣ ਦਾ ਸਮਰਥਨ ਕਰਦੇ ਹਨ ਤਾਂ ਪੈਰਿਸ ਦੇ ਹੱਥੋਂ ਪ੍ਰਸ਼ਾਂਤ ਖੇਤਰ ਵਿਚ ਸਥਿਤ ਸਭ ਤੋਂ ਵੱਡਾ ਦਰਾਮਦ ਖੇਤਰ ਨਿਕਲ ਜਾਏਗਾ। ਇਸ ਫ਼ੈਸਲੇ ਨਾਲ ਫਰਾਂਸ ਦੇ ਬਸਤੀਵਾਦੀ ਗੌਰਵ ਨੂੰ ਵੀ ਸੱਟ ਪਹੁੰਚੇਗੀ ਜਿਸ ਦੀ ਪਹੁੰਚ ਕਦੀ ਕੈਰੇਬੀਅਨ, ਅਫਰੀਕਾ ਦੇ ਵੱਡੇ ਹਿੱਸੇ, ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਤਕ ਸੀ। ਨਿਊ ਕੈਲੇਡੋਨੀਆ 1853 ਤੋਂ ਫਰਾਂਸ ਦਾ ਹਿੱਸਾ ਹੈ ਅਤੇ ਇਹ ਦੱਖਣੀ-ਪੱਛਮੀ ਪ੍ਰਸ਼ਾਂਤ ਦਾ ਇਕ ਦੂਰਦਰਾਜ ਦਾ ਦੀਪੀ ਖੇਤਰ ਹੈ।

ਨਿਊ ਕੈਲੇਡੋਨੀਆ ਦੇ ਹਾਈ ਕਮਿਸ਼ਨਰ ਦਫ਼ਤਰ ਮੁਤਾਬਕ ਐਤਵਾਰ ਦੇਰ ਸ਼ਾਮ ਤਕ ਲਗਪਗ 80 ਫ਼ੀਸਦੀ ਵੋਟਿੰਗ ਹੋਣ ਦਾ ਅਨੁਮਾਨ ਹੈ। ਵੋਟਿੰਗ ਵਿਚ ਨਿਊ ਕੈਲੇਡੋਨੀਆ ਦੇ ਇਕ ਲੱਖ ਅੱਸੀ ਹਜ਼ਾਰ ਤੋਂ ਵੱਧ ਸਥਾਈ ਨਿਵਾਸੀ ਹਿੱਸਾ ਲੈ ਰਹੇ ਹਨ। ਫਰਾਂਸ ਤੋਂ ਅਲੱਗ ਹੋਣ ਦੇ ਮੁੱਦੇ 'ਤੇ ਨਿਊ ਕੈਲੇਡੋਨੀਆ ਵਿਚ ਲੰਬੇ ਸਮੇਂ ਤੋਂ ਇਕ ਰਾਇ ਨਹੀਂ ਹੈ। ਸਾਲ 2018 ਵਿਚ ਵੀ ਇਸ ਮੁੱਦੇ 'ਤੇ ਰਾਇਸ਼ੁਮਾਰੀ ਹੋਈ ਸੀ ਪ੍ਰੰਤੂ ਉੱਥੋਂ ਦੇ ਲੋਕਾਂ ਨੇ ਫਰਾਂਸ ਤੋਂ ਅਲੱਗ ਹੋਣ ਖ਼ਿਲਾਫ਼ ਆਪਣੀ ਰਾਇ ਜ਼ਾਹਿਰ ਕੀਤੀ ਸੀ। ਹਾਲਾਂਕਿ ਤਦ ਤੋਂ ਲੈ ਕੇ ਹੁਣ ਤਕ ਆਜ਼ਾਦੀ ਦੀ ਧਾਰਨਾ ਮਜ਼ਬੂਤ ਹੋਈ ਅਤੇ ਇਹੀ ਕਾਰਨ ਹੈ ਕਿ ਐਤਵਾਰ ਨੂੰ ਹੋਈ ਰਾਇਸ਼ੁਮਾਰੀ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਦਰਅਸਲ, ਇਹ ਰਾਇਸ਼ੁਮਾਰੀ ਸਾਲ 1998 ਵਿਚ ਫਰਾਂਸ, ਕਨਕ ਐਂਡ ਸੋਸ਼ਲਿਸਟ ਨੈਸ਼ਨਲ ਲਿਬਰੇਸ਼ਨ ਫਰੰਟ ਅਤੇ ਆਜ਼ਾਦੀ ਵਿਰੋਧੀ ਨੇਤਾਵਾਂ ਵਿਚਕਾਰ ਹੋਏ ਇਕ ਸਮਝੌਤੇ ਤਹਿਤ ਹੋ ਰਿਹਾ ਹੈ। ਇਹ ਖੇਤਰ ਆਸਟ੍ਰੇਲੀਆ ਤੋਂ 1,200 ਕਿਲੋਮੀਟਰ ਪੂਰਬ ਵਿਚ ਸਥਿਤ ਇਕ ਦੀਪ ਸ਼੍ਰੇਣੀ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਇਸ ਦੀ ਦੂਰੀ 20 ਹਜ਼ਾਰ ਕਿਲੋਮੀਟਰ ਹੈ। ਇਸ ਦੀਪੀ ਖੇਤਰ ਨੂੰ ਕਾਫ਼ੀ ਹੱਦ ਤਕ ਖ਼ੁਦਮੁਖਤਾਰੀ ਹਾਸਲ ਹੈ ਪ੍ਰੰਤੂ ਰੱਖਿਆ ਅਤੇ ਸਿੱਖਿਆ ਵਰਗੇ ਮੁੱਦਿਆਂ 'ਤੇ ਇਸ ਦੀ ਫਰਾਂਸ 'ਤੇ ਬਹੁਤ ਜ਼ਿਆਦਾ ਨਿਰਭਰਤਾ ਹੈ।