ਮੈਲਬੌਰਨ (ਪੀਟੀਆਈ) : ਸਿਡਨੀ ਦੇ ਹੈਰਿਸ ਪਾਰਕ ’ਚ ਐਤਵਾਰ ਨੂੰ ਕੁਝ ਦਸਤਾਰਧਾਰੀ ਸਿੱਖਾਂ ’ਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟਾਂ ਤੇ ਹਥੌੜਿਆਂ ਨਾਲ ਹਮਲਾ ਕਰ ਦਿੱਤਾ। ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਸਟ੍ਰੇਲੀਆ ’ਚ ਭਾਰਤ ਸਰਕਾਰ ਪੱਖੀ ਲੋਕਾਂ ਤੇ ਸਿੱਖ ਭਾਈਚਾਰੇ ’ਚ ਤਣਾਅ ਚੱਲ ਰਿਹਾ ਹੈ।

7ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਅਣਪਛਾਤੇ ਲੋਕਾਂ ਦੇ ਹੱਥਾਂ ਵਿਚ ਬੇਸਬਾਲ ਬੈਟ, ਹਥੌੜੇ ਤੇ ਬਾਂਸ ਦੀਆਂ ਸੋਟੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਇਨ੍ਹਾਂ ਸਿੱਖਾਂ ਦੀਆਂ ਕਾਰਾਂ ’ਤੇ ਹਮਲਾ ਕਰ ਦਿੱਤਾ ਤੇ ਉਹ ਆਪਣੀ ਜਾਨ ਬਚਾ ਕੇ ਭੱਜਣ ਵਿਚ ਸਫਲ ਹੋ ਗਏ। ਚੈਨਲ ਦੀ ਰਿਪੋਰਟ ਅਨੁਸਾਰ ਹਥਿਆਰਬੰਦ ਲੋਕ ਕਹਿ ਰਹੇ ਸਨ ਕਿ ਇਨ੍ਹਾਂ ਸਾਰੇ ਸਿੱਖਾਂ ਨੂੰ ਖ਼ਤਮ ਕਰ ਦਿਉ ਤੇ ਕੋਈ ਵੀ ਬੱਚ ਕੇ ਨਾ ਜਾ ਸਕੇ। ਚੈਨਲ ਅਨੁਸਾਰ ਹਮਲਾਵਰ ਸੁਰੱਖਿਆ ਕੈਮਰਿਆਂ ਵਿਚ ਕੈਦ ਹੋ ਗਏ ਹਨ। ਹਥਿਆਰਬੰਦ ਲੋਕਾਂ ਨੇ ਬੱਚ ਕੇ ਭੱਜ ਰਹੇ ਦਸਤਾਰਧਾਰੀ ਸਿੱਖਾਂ ਦਾ ਪਿੱਛਾ ਕਰ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਇਨ੍ਹਾਂ ਅਣਪਛਾਤੇ ਲੋਕਾਂ ਦੇ ਹਮਲੇ ਵਿਚ ਕਾਰਾਂ ਦਾ ਲਗਪਗ 10 ਹਜ਼ਾਰ ਆਸਟ੍ਰੇਲੀਅਨ ਡਾਲਰਾਂ ਦਾ ਨੁਕਸਾਨ ਹੋ ਗਿਆ। ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਤੇ ਅੰਦਰ ਵੀ ਕਾਫ਼ੀ ਨੁਕਸਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਭਾਰਤ ਵਿਚ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਕਾਰ ਰੈਲੀਆਂ ਕਰ ਕੇ ਵਿਰੋਧ ਕਰ ਰਹੇ ਹਨ ਜਦਕਿ ਭਾਰਤ ਸਰਕਾਰ ਸਮਰਥਕ ਕੁਝ ਲੋਕ ਇਨ੍ਹਾਂ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ਇਹ ਭੰਨਤੋੜ ਦੀ ਕਾਰਵਾਈ ਵੀ ਇਸੇ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਸਾਰੀਆਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਅਨ ਅਲਾਇੰਸ ਅਗੇਂਸਟ ਹੇਟ ਐਂਡ ਵਾਇਲੈਂਸ ਨੇ ਇਸ ਹਫ਼ਤੇ ਭਾਰਤੀ ਕੌਂਸਲ ਜਨਰਲ ਦੇ ਦਫ਼ਤਰ ਬਾਹਰ ਪ੍ਰੈੱਸ ਕਾਨਫਰੰਸ ਕਰ ਕੇ ਭਾਰਤ ’ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ।

Posted By: Susheel Khanna