ਸਿਡਨੀ, ਰਾਜੀਵ ਕੁਮਾਰ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਪਾਰ ਸਮਝੌਤਾ ਉੱਥੇ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਉੱਥੇ ਨੌਕਰੀ ਕਰਨ ’ਚ ਮਦਦ ਕਰੇਗਾ। ਆਸਟ੍ਰੇਲੀਆ ਦੇ ਵਪਾਰ ਮੰਤਰੀ ਡੈਨ ਟੇਹਨ ਤੇ ਭਾਰਤ ਦੇ ਵਣਜ ਤੇ ਸਨਅਤ ਮੰਤਰੀ ਪੀਯੂਸ਼ ਗੋਇਲ ਨੇ ਵੀਰਵਾਰ ਨੂੰ ਵਿਦਿਆਰਥੀਆਂ ਨੂੰ ਇਹ ਭਰੋਸਾ ਦਿੱਤਾ। ਦੋਵੇਂ ਮੰਤਰੀ ਭਾਰਤ-ਆਸਟ੍ਰੇਲੀਆ ਵਿਚਾਲੇ ਵਪਾਰ ਸਮਝੌਤੇ ’ਤੇ ਲੈਕਚਰ ਦੇਣ ਸਿਡਨੀ ਆਸਟ੍ਰੇਲੀਆ ਦੀ ਮਸ਼ਹੂਰ ਯੂਨੀਵਰਸਿਟੀ ਆਫ ਨਿਊ ਸਾਊਥ ਵੈਲਸ ਪਹੁੰਚੇ ਸਨ। ਉੱਥੇ ਫਾਇਨਾਂਸ ਤੇ ਫਿਨਟੈਕ ਦੀ ਤੀਜੇ ਸਾਲ ਦੀ ਭਾਰਤੀ ਵਿਦਿਆਰਥਣ ਮੁਸਕਾਨ ਨੇ ਟੇਹਨ ਨੂੰ ਸਵਾਲ ਕੀਤਾ ਕਿ ਉਹ ਇਸੇ ਯੂਨੀਵਰਸਿਟੀ ’ਚ ਪੜ੍ਹਾਈ ਕਰ ਰਹੀ ਹੈ ਪਰ ਜਦੋਂ ਨੌਕਰੀ ਲਈ ਅਪਲਾਈ ਕਰਦੀ ਹੈ ਤਾਂ ਆਸਟ੍ਰੇਲੀਆ ਤੋਂ ਬਾਹਰ ਹੋਣ ਦੀ ’ਤੇ ਸਵਾਲ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇੰਟਰਨਸ਼ਿਪ ’ਚ ਵੀ ਦਿੱਕਤ ਆਉਂਦੀ ਹੈ। ਉਹ ਫਾਇਨਾਂਸ ਤੇ ਫਿਨਟੈੱਕ ਦਾ ਕੋਰਸ ਕਰ ਰਹੀ ਹੈ ਤੇ ਇੰਟਰਨਸ਼ਿਪ ਰਿਟੇਲ ਸੈਕਟਰ ’ਚ ਮਿਲ ਰਹੀ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ।

ਭਾਰਤ-ਆਸਟ੍ਰੇਲੀਆ ਸਮਝੌਤੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੁਣ ਆਸਟ੍ਰੇਲੀਆ ’ਚ ਕੰਮ ਦੇ ਜ਼ਿਆਦਾ ਮੌਕੇ ਮਿਲਣਗੇ। ਖ਼ਾਸ ਤੌਰ ’ਤੇ ਜਿਨ੍ਹਾਂ ਨੇ ਵਿਗਿਆਨ, ਗਣਿਤ, ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਤੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਗੋਇਲ ਨੇ ਵੀ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਜਿਹੜਾ ਸਮਝੌਤਾ ਹੋਇਆ ਹੈ, ਉਸ ਤੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਿਕਲੇਗਾ। ਇਸ ਤਹਿਤ ਉਨ੍ਹਾਂ ਵਿਦਿਆਰਥੀਆਂ ਨੂੰ ਦੋ ਤੋਂ ਚਾਰ ਸਾਲਾਂ ਤਕ ਵਰਕ ਵੀਜ਼ਾ ਮਿਲ ਸਕਦਾ ਹੈ।

ਸਮਝੌਤੇ ਨਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਖ਼ਤਮ ਹੋਵੇਗੀ ਚੀਨ ਦੀ ਤਾਨਾਸ਼ਾਹੀ

ਡੈਨ ਟੇਹਨ ਨੇ ਚੀਨ ਦਾ ਨਾਂ ਲਏ ਬਿਨਾਂ ਕਿਹਾ ਕਿ ਇਕ ਤਾਨਾਸ਼ਾਹ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਰੇ ਨਿਯਮਾਂ ਨੂੰ ਬਦਲਣਾ ਚਾਹੁੰਦਾ ਹੈ ਪਰ ਭਾਰਤ-ਆਸਟ੍ਰੇਲੀਆ ਵਪਾਰ ਸਮਝੌਤੇ ਨਾਲ ਹੁਣ ਅਜਿਹਾ ਸੰਭਵ ਨਹੀਂ ਹੋ ਸਕੇਗਾ। ਸਿਡਨੀ ’ਚ ਸਨਅਤੀ ਸੰਗਠਨਾਂ ਨਾਲ ਬੈਠਕ ’ਚ ਟੇਹਨ ਨੇ ਕਿਹਾ ਕਿ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ ’ਚ ਨਾਲ ਖੜ੍ਹੇ ਹੋ ਗਏ ਹਨ। ਲੋਕਤੰਤਰੀ ਦੇਸ਼ ਹੋਣ ਦੇ ਨਾਤੇ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਖੇਤਰ ਦਾ ਹਰ ਲੋਕਤੰਤਰੀ ਦੇਸ਼ ਤਰੱਕੀ ਕਰੇ।

Posted By: Harjinder Sodhi