ਕੈਨਬਰਾ (ਏਪੀ) : ਆਸਟ੍ਰੇਲੀਆ ਨੇ ਆਪਣੇ ਨੋਟਾਂ ਤੋਂ ਬਿ੍ਰਟਿਸ਼ ਰਾਜਸ਼ਾਹੀ ਦੀ ਤਸਵੀਰ ਹਟਾਉਣ ਦਾ ਫ਼ੈਸਲਾ ਲਿਆ ਹੈ। ਦੇਸ਼ ਦੇ ਸੈਂਟਰਲ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਪੰਜ ਡਾਲਰ ਦੇ ਨਵੇਂ ਨੋਟਾਂ ’ਤੇ ਕਿੰਗ ਚਾਰਲਸ ਤੀਜੇ ਦੀ ਤਸਵੀਰ ਦੀ ਜਗ੍ਹਾ ਇਕ ਸਵਦੇਸ਼ੀ ਡਿਜ਼ਾਈਨ ਹੋਵੇਗਾ। ਨੋਟ ਦੇ ਦੂਜੇ ਪਾਸੇ ਆਸਟ੍ਰੇਲਿਆਈ ਸੰਸਦ ਦੀ ਤਸਵੀਰ ਹੋਵੇਗੀ। ਹਾਲਾਂਕਿ, ਅਜਿਹੀ ਉਮੀਦ ਹੈ ਕਿ ਸਿੱਕਿਆਂ ’ਤੇ ਰਾਜਸ਼ਾਹੀ ਦੀ ਤਸਵੀਰ ਬਰਕਰਾਰ ਰਹੇਗੀ। ਦੇਸ਼ ਵਿਚ ਸਿਰਫ਼ ਪੰਜ ਡਾਲਰ ਦੇ ਨੋਟ ਰਹਿ ਗਏ ਹਨ, ਜਿਨ੍ਹਾਂ ’ਤੇ ਬਿ੍ਰਟਿਸ਼ ਰਾਜਸ਼ਾਹੀ ਦੀ ਤਸਵੀਰ ਛਪੀ ਹੈ।
ਬੈਂਕ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਸਰਕਾਰ ਨਾਲ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਦੇ ਸਮਰਥਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਜਦਕਿ ਵਿਰੋਧੀ ਨੇਤਾ ਇਸ ਨੂੰ ਇਕ ਸਿਆਸੀ ਕਦਮ ਦੱਸ ਰਹੇ ਹਨ। ਕਈ ਸਾਬਕਾ ਬਿ੍ਰਟਿਸ਼ ਬਸਤੀਆਂ ਦੀ ਤਰ੍ਹਾਂ ਆਸਟ੍ਰੇਲੀਆ ਵਿਚ ਵੀ ਇਸ ਗੱਲ ’ਤੇ ਬਹਿਸ ਛਿੜੀ ਹੈ ਕਿ ਉਸ ਨੂੰ ਕਿਸ ਹੱਦ ਤਕ ਬਿ੍ਰਟੇਨ ਦੇ ਨਾਲ ਆਪਣੇ ਸੰਵਿਧਾਨਕ ਸਬੰਧਾਂ ਨੂੰ ਬਣਾ ਕੇ ਰੱਖਣਾ ਚਾਹੀਦਾ।
Posted By: Sandip Kaur