ਹਰਪ੍ਰੀਤ ਸਿੰਘ ਕੋਹਲੀ, ਬਿ੍ਸਬੇਨ : ਆਸਟ੍ਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਮਿਤੀ 3 ਫਰਵਰੀ ਨੂੰ ਆਸਟ੍ਰੇਲੀਆ ਦੌਰੇ 'ਤੇ ਆਏ ਪੰਜਾਬ ਭਵਨ ਸਰੀ ਕੈਨੇਡਾ ਦੇ ਵਫ਼ਦ ਦਾ ਬਿ੍ਸਬੇਨ 'ਚ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਪੰਜਾਬ ਭਵਨ ਸਰੀ ਦੇ ਉਸਰੱਈਏ ਤੇ ਦਾਨਵੀਰ ਸੁੱਖੀ ਬਾਠ, ਅਮਰੀਕ ਪਲਾਹੀ ਆਸਟ੍ਰੇਲੀਆ ਦੇ ਵਿਸ਼ੇਸ਼ ਦੌਰੇ 'ਤੇ ਆਏ ਹਨ। ਇਸ ਫੇਰੀ ਦਾ ਪਲੇਠਾ ਸਮਾਗਮ ਬਿ੍ਸਬੇਨ ਸ਼ਹਿਰ 'ਚ ਸਥਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਕੀਤਾ ਗਿਆ। ਇਸ ਬਹੁਪੱਖੀ ਸਮਾਗਮ ਦੇ ਪਹਿਲੇ ਸ਼ੈਸਨ 'ਚ ਕਵੀ ਦਰਬਾਰ ਕਰਵਾਇਆ ਗਿਆ।

ਪ੍ਧਾਨਗੀ ਮੰਡਲ 'ਚ ਸੁੱਖੀ ਬਾਠ, ਅਮਰੀਕ ਪਲਾਹੀ, ਇਪਸਾ ਦੇ ਪ੍ਧਾਨ ਜਰਨੈਲ ਸਿੰਘ ਬਾਸੀ, ਇੰਡੋਜ਼ ਹੋਲਡਿੰਗਜ ਦੇ ਪ੍ਧਾਨ ਅਮਰਜੀਤ ਸਿੰਘ ਮਾਹਲ ਤੇ ਸੈਕਟਰੀ ਪਰਮਜੀਤ ਸਿੰਘ ਸਰਾਏ ਤੇ ਦਲਬੀਰ ਸਿੰਘ ਬੋਪਾਰਾਏ ਸ਼ੁਸੋਭਿਤ ਹੋਏ। ਸਮਾਗਮ ਦੀ ਸ਼ੁਰੂਆਤ ਇੰਡੋਜ਼ ਦੇ ਫਾਊਂਡਰ ਡਾਇਰੈਕਟਰ ਪਰਮਜੀਤ ਸਿੰਘ ਸਰਾਏ ਦੇ ਸਵਾਗਤੀ ਭਾਸ਼ਨ ਨਾਲ ਹੋਈ। ਇਸ ਤੋਂ ਬਾਅਦ ਨੌਜਵਾਨ ਗੀਤਕਾਰ ਸੁਰਜੀਤ ਸੰਧੂ ਨੇ ਸੁੱਖੀ ਬਾਠ ਤੇ ਪੰਜਾਬ ਭਵਨ ਨੂੰ ਸਮਰਪਿਤ ਗੀਤ ਨਾਲ ਆਪਣੀ ਹਾਜ਼ਰੀ ਲਵਾਈ। ਉਪਰੰਤ ਲਗਾਤਾਰ ਇਕ ਘੰਟੇ ਚਲੇ ਕਵੀ ਦਰਬਾਰ 'ਚ ਗ਼ਜ਼ਲਗੋ ਰੁਪਿੰਦਰ ਸੋਜ਼ ਤੇ ਜਸਵੰਤ ਵਾਗਲਾ ਨੇ ਖ਼ੂਬਸੂਰਤ ਗ਼ਜ਼ਲਾਂ ਨਾਲ ਸਰੋਤਿਆਂ ਤੋਂ ਦਾਦ ਵਸੂਲੀ, ਗੀਤਕਾਰ ਆਤਮਾ ਹੇਅਰ, ਪਾਲ ਰਾਊਕੇ, ਮਲਕੀਤ ਧਾਲੀਵਾਲ ਨੇ ਆਪਣਿਆਂ ਗੀਤਾਂ ਰਾਹੀਂ ਮਾਹੌਲ ਨੂੰ ਰੰਗਦਾਰ ਬਣਾ ਦਿੱਤਾ। ਸਟੇਜ ਸੰਚਾਲਿਕਾ ਕਵਿਤਾ ਖੁੱਲਰ ਨੇ ਸ਼ਿਵ ਦਾ ਗੀਤ 'ਸ਼ਿਕਰਾ ਯਾਰ' ਬੋਲ ਕੇ ਪ੍ਰੋਗਰਾਮ ਨੂੰ ਬੁਲੰਦੀ 'ਤੇ ਪਹੁੰਚਾ ਦਿੱਤਾ।

ਮੁੱਖ ਮਹਿਮਾਨ ਸੁੱਖੀ ਬਾਠ ਨੇ ਇਸ ਸੁਹਿਰਦ ਉਪਰਾਲੇ ਲਈ ਇੰਡੋਜ਼ ਦੇ ਸਾਰੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਇਤਿਹਾਸਿਕ ਪਹਿਲਕਦਮੀ ਦੱਸਿਆ। ਉਨ੍ਹਾਂ ਅਨੁਸਾਰ ਪੰਜਾਬ ਭਵਨ ਕੈਨੇਡਾ ਹੱਦਾਂ-ਸਰਹੱਦਾਂ ਤੋਂ ਪਾਰ ਜਾ ਕੇ ਵੀ ਪੰਜਾਬੀਅਤ ਲਈ ਯੋਗਦਾਨ ਪਾਵੇਗਾ। ਇਹ ਅੌਜ਼ੀ-ਕੈਨੇਡੀਅਨ ਦੋਸਤੀ ਵਿਸ਼ਵ ਦੇ ਹੋਰਨਾਂ ਹਿੱਸਿਆਂ 'ਚ ਵੱਸਦੇ ਪੰਜਾਬੀਆਂ ਦਾ ਇਕ ਸਾਂਝਾ ਮੰਚ ਬਣਨ ਦੀ ਨੀਂਹ ਬਣੇਗਾ।

ਇਸ ਉਪਰੰਤ ਸਨਮਾਨਾਂ ਦੀ ਰਸਮ ਅਦਾ ਕਰਦਿਆਂ ਸਭ ਤੋਂ ਪਹਿਲਾਂ ਬਿ੍ਸਬੇਨ ਦੀ ਸਟੇਜ ਸੰਚਾਲਿਕਾ ਕਵਿਤਾ ਖੁੱਲਰ ਨੂੰ ਪਿਛਲੇ ਸਾਲ ਉਸ ਦੇ ਪਹਿਲੇ ਪੰਜਾਬੀ ਲਿਟਰੇਰੀ ਫੈਸਟੀਵਲ 'ਚ ਕੀਤੇ ਪ੍ਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਫਿਰ ਅਮਰੀਕ ਪਲਾਹੀ, ਸੁੱਖੀ ਬਾਠ ਨੂੰ ਇਪਸਾ ਦੇ ਪ੍ਮੁੱਖ ਅਹੁਦੇਦਾਰਾਂ ਵੱਲੋਂ ਸ਼ਾਨਦਾਰ ਸੌਵੀਨਾਰ ਭੇਟ ਕੀਤੇ ਗਏ। ਅੰਤ 'ਚ ਇਪਸਾ ਦੇ ਚੇਅਰਮੈਨ ਜਰਨੈਲ ਸਿੰਘ ਬਾਸੀ ਅਤੇ ਇੰਡੋਜ਼ ਦੇ ਚੇਅਰਮੈਨ ਅਮਰਜੀਤ ਸਿੰਘ ਮਾਹਲ ਵੱਲੋਂ ਆਏ ਹੋਏ ਮਹਿਮਾਨਾਂ ਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਕਵੀ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।

ਸੁੱਖੀ ਬਾਠ ਤੇ ਅਮਰੀਕ ਪਲਾਹੀ ਦਾ ਸਨਮਾਨ ਕਰਦੇ ਪ੍ਬੰਧਕ।