ਸਿਡਨੀ (ਏਐੱਫਪੀ) : ਵਾਤਾਵਰਨ ਸੁਧਾਰ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਬੱਚੇ ਸੜਕਾਂ 'ਤੇ ਆਏ। ਦੁਨੀਆ ਦੇ ਇਸ ਸਭ ਤੋਂ ਵੱਡੇ ਪ੍ਰਦਰਸ਼ਨ 'ਚ ਬੱਚਿਆਂ ਨੇ ਵੱਡੇ ਲੋਕਾਂ ਤੋਂ ਮੰਗ ਕੀਤੀ ਕਿ ਉਹ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੌਰ ਤਰੀਕੇ ਛੱਡਣ। ਧਰਤੀ ਦਾ ਤਾਪਮਾਨ ਵਧਾਉਣ ਵਾਲੇ ਕੰਮ ਬੰਦ ਕਰਨ ਤੇ ਕੁਦਰਤ ਤੋਂ ਮਿਲ ਰਹੀ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਣ। ਨਵੀਂ ਦਿੱਲੀ, ਮੁੰਬਈ ਤੋਂ ਲੈ ਕੇ ਫਿਲਪੀਨ ਦੀ ਰਾਜਧਾਨੀ ਮਨੀਲਾ ਤਕ, ਆਸਟ੍ਰੇਲੀਆ ਦੇ ਸਿਡਨੀ ਤੋਂ ਲੈ ਕੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਤਕ ਲੱਖਾਂ ਸਕੂਲੀ ਬੱਚੇ ਹੱਥਾਂ 'ਚ ਆਪਣੀ ਮੰਗ ਦੇ ਕਾਰਡ ਲੈ ਕੇ ਸੜਕਾਂ 'ਤੇ ਆਏ। ਉਨ੍ਹਾਂ ਇਕ ਸੁਰ 'ਚ ਵਾਤਾਵਰਨ ਸੁਧਾਰ ਲਈ ਸਮੂਹਿਕ ਯਤਨ ਕੀਤੇ ਜਾਣ ਦੀ ਮੰਗ ਕੀਤੀ।

ਆਸਟ੍ਰੇਲੀਆ 'ਚ ਤਿੰਨ ਲੱਖ ਤੋਂ ਵੱਧ ਸਕੂਲੀ ਬੱਚੇ ਸੜਕਾਂ 'ਤੇ ਆਏ। ਉੱਥੇ ਉਨ੍ਹਾਂ ਦੇ ਮਾਤਾ ਪਿਤਾ ਤੇ ਆਮ ਲੋਕ ਵੀ ਸੜਕਾਂ ਦੇ ਕਿਨਾਰੇ ਹਮਾਇਤ ਲਈ ਖੜ੍ਹੇ ਹੋਏ। ਪ੍ਰਬੰਧਕਾਂ ਮੁਤਾਬਕ ਵਾਤਾਵਰਨ ਲਈ ਆਵਾਜ਼ ਉਠਾਉਣ ਵਾਲਿਆਂ ਦੀ ਇਹ ਗਿਣਤੀ ਮਾਰਚ 'ਚ ਕਰਵਾਏ ਜਾਗਰੂਕਤਾ ਪ੍ਰੋਗਰਾਮ ਤੋਂ ਲਗਪਗ ਦੁੱਗਣੀ ਸੀ। ਬੱਚਿਆਂ ਨੇ ਸਿਆਸਤ, ਉਦਯੋਗ ਤੇ ਕਾਰੋਬਾਰ ਨਾਲ ਜੁੜੇ ਲੋਕਾਂ ਤੋਂ ਧਰਤੀ ਦਾ ਤਾਪਮਾਨ ਵਧਣ ਤੋਂ ਰੋਕਣ ਦੀ ਮੰਗ ਕੀਤੀ। ਪ੍ਰਬੰਧਕਾਂ ਨੇ ਫ੍ਰਾਈਡੇਜ਼ ਫਾਰ ਫਿਊਚਰ ਮੁਹਿੰਮ ਤਹਿਤ ਦੁਨੀਆਭਰ 'ਚ ਪੰਜ ਹਜ਼ਾਰ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾਂ ਮਈ 'ਚ ਦੁਨੀਆ ਦੇ 1800 ਪਬਲਿਕ ਸਕੂਲਾਂ ਦੇ 11 ਲੱਖ ਬੱਚਿਆਂ ਨੇ ਸਕੂਲ ਛੱਡ ਕੇ ਵਾਤਾਵਰਨ ਸੁਰੱਖਿਆ ਲਈ ਆਵਾਜ਼ ਬੁਲੰਦ ਕੀਤੀ ਸੀ। ਉਹ ਪ੍ਰੋਗਰਾਮ ਨਿਊਯਾਰਕ 'ਚ ਸੰਪੰਨ ਹੋਇਆ ਸੀ।

ਇਸ ਮੌਕੇ ਥੁਨਬਰਗ ਦੀ 16 ਸਾਲਾ ਵਿਦਿਆਰਥਣ ਸਵੇਡ ਨੇ ਸੁਧਾਰ ਦੇ ਉਪਾਵਾਂ ਦੀ ਅਣਦੇਖੀ ਕੀਤੇ ਜਾਣ 'ਤੇ ਨਾਖ਼ੁਸ਼ੀ ਜਾਹਿਰ ਕੀਤੀ। ਕਿਹਾ, ਉਪਾਵਾਂ ਨੂੰ ਲਾਗੂ ਕਰਨ ਤੇ ਸੰਚਾਲਣ ਦੀ ਜ਼ਿੰਮੇਵਾਰੀ ਬੱਚਿਆਂ 'ਤੇ ਪਾਈ ਜਾਵੇ। ਵੀਡੀਓ ਮੈਸੇਜ 'ਚ ਵਿਦਿਆਰਥਣ ਨੇ ਕਿਹਾ, ਕੁਦਰਤ ਹਰ ਕੰਮ ਦਾ ਲੇਖਾ ਜੋਖਾ ਰੱਖਦੀ ਹੈ ਤੇ ਉਸ ਦੀ ਪ੍ਰਤੀਕਿਰਿਆ ਵਿਅਕਤ ਕਰਦੀ ਹੈ। ਇਹ ਹਰ ਕਿਸੇ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਕੁਝ ਅਜਿਹੀ ਹੀ ਭਾਵਨਾ ਬੈਂਕਾਕ 'ਚ ਵਿਦਿਆਰਥਣ ਲਿਲੀ ਸਤੀਤਾਨਾਸਰਨ (12) ਨੇ ਪ੍ਰਗਟ ਕੀਤੀ। ਉਸ ਨੇ ਮਾਲ 'ਚੋਂ ਪਲਾਸਟਿਕ ਬੈਗ ਪੂਰੀ ਤਰ੍ਹਾਂ ਨਾਲ ਹਟਾਏ ਜਾਣ 'ਤੇ ਜ਼ੋਰ ਦਿੱਤਾ। ਉਸ ਨੇ ਕਿਹਾ, ਵੱਡੇ ਲੋਕ ਪਲਾਸਟਿਕ ਬੈਗ ਦੀ ਵਰਤੋਂ ਬੰਦ ਕੀਤੇ ਜਾਣ 'ਤੇ ਸਿਰਫ਼ ਗੱਲ ਕਰਦੇ ਹਨ, ਕਰਦੇ ਕੁਝ ਨਹੀਂ। ਨਤੀਜੇ ਵਜੋਂ, ਵਾਤਾਵਰਨ ਨੂੰ ਹੋ ਰਿਹਾ ਨੁਕਸਾਨ ਵਧਦਾ ਜਾ ਰਿਹਾ ਹੈ। ਮਨੀਲਾ 'ਚ ਯਾਨਾ ਪਾਲੋ (23) ਨੇ ਕਿਹਾ, ਵਾਤਾਵਰਨ 'ਚ ਹੋ ਰਹੇ ਬਦਲਾਵਾਂ ਦਾ ਅਸਰ ਸਮੁੰਦਰੀ ਤੂਫ਼ਾਨਾਂ ਤੇ ਮੌਸਮ 'ਚ ਤੇਜ਼ੀ ਨਾਲ ਹੋ ਰਹੇ ਬਦਲਾਵਾਂ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ। ਇਨ੍ਹਾਂ ਤੂਫ਼ਾਨਾਂ ਨਾਲ ਪੂਰੀ ਦੁਨੀਆ 'ਚ ਤਬਾਹੀ ਹੋ ਰਹੀ ਹੈ। ਪਰ ਕੋਈ ਉਨ੍ਹਾਂ ਦੇ ਕਾਰਨਾਂ 'ਤੇ ਧਿਆਨ ਨਹੀਂ ਦੇ ਰਿਹਾ।