ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਬਹਾਦਰ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਇੱਕ ਯਾਦਗਾਰ ਬਨਾਉਣ ਨੂੰ ਪ੍ਰਵਾਨਗੀ ਮਿਲ ਗਈ ਹੈ ਜਿਸ ਦੇ ਚਲਦਿਆਂ ਆਉੁਂਂਦੇ ਦਿਨਾਂ ਵਿੱਚ ਯਾਦਗਾਰ ਵਿੱਚ ਸਿੱਖ ਫੌਜੀ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਇਹ ਯਾਦਗਾਰ ਸਿਡਨੀ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਬਲੈਕਟਾਊਨ ਕੌਂਸਲ ਦੇ ਇਲਾਕੇ ਗਲੈਨਵੁੱਡ ਵਿਖੇ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਭਰ ਵਿੱਚ ਸਿੱਖ ਫ਼ੌਜ ਦੀ ਬਹਾਦਰੀ ਨੂੰ ਦਰਸਾਉਂਦਾ ਇਹ ਪਹਿਲਾ ਬੁੱਤ ਹੋਵੇਗਾ ।

ਇਸ ਯਾਦਗਾਰ ਨੂੰ ਬਣਵਾਉਣ ਦੇ ਲਈ ਫਤਿਹ ਫਾਉਂਡੇਸ਼ਨ ਨੂੰ ਕਾਫੀ ਲੰਮਾ ਸੰਘਰਸ਼ ਵੀ ਕਰਨਾ ਪਿਆ ਫਤਿਹ ਫਾਊਂਡੇਸ਼ਨ ਦੇ ਅਮਰਿੰਦਰ ਸਿੰਘ ਬਾਜਵਾ,ਹਰਕੀਰਤ ਸਿੰਘ ਸੰਧਰ,ਦਵਿੰਦਰ ਸਿੰਘ ਧਾਰੀਆ,ਗੈਰੀ ਸਿੰਘ ਸਾਹਣੀ ਤੇ ਨਵਤੇਜ ਸਿੰਘ ਬਸਰਾ ਦੇ ਯਤਨਾਂ ਤੇ ਬਲੈਕਟਾਊਨ ਕੋਂਸਲ ਦੇ ਸਹਿਯੋਗ ਦੇ ਸਦਕਾ ਇਹ ਯਾਦਗਾਰ ਬਣਨੀ ਸੰਭਵ ਹੋ ਪਾਈ ਹੈ ਜਿਸ ਦੇ ਲਈ ਫਤਿਹ ਫਾਉਂਡੇਸ਼ਨ ਨੂੰ ਕਰੀਬ ਚਾਰ ਸਾਲ ਦੇ ਕਰੀਬ ਚਾਰਾਜੋਈ ਕਰਨੀ ਪਈ ਤੇ ਵੱਖ-ਵੱਖ ਪੱਖ 'ਤੇ ਇਤਿਹਾਸਕ ਤੱਥ ਪੇਸ਼ ਕਰਨੇ ਪਏ ਤਾਂ ਕਿਤੇ ਜਾ ਕੇ ਇਹ ਯਾਦਗਾਰ ਬਣਨੀ ਸੰਭਵ ਹੋ ਪਾਈ ।

ਫਤਿਹ ਫਾਊਂਡੇਸ਼ਨ ਨੇ ਕਿਹਾ ਕਿ ਇਹ ਯਾਦਗਾਰੀ ਬੁੱਤ ਜਿੱਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਕਰੇਗਾ ਉਥੇ ਸਿੱਖਾਂ ਦੇ ਆਸਟਰੇਲੀਆ ਦੇ ਵਿੱਚ ਇਤਿਹਾਸ ਦੀ ਤਸਵੀਰ ਨੂੰ ਵੀ ਪੇਸ਼ ਕਰੇਗਾ । ਦੱਸਣਯੋਗ ਹੈ ਕਿ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਹਜ਼ਾਰਾਂ ਭਾਰਤੀ ਸਿੱਖ ਫੌਜੀ ਸ਼ਹੀਦ ਹੋਏ ਸਨ ਪਰ ਉਹ ਇਤਹਾਸ ਦੇ ਪੰਨਿਆਂ ਚ ਗੁਆਚ ਗਏ ਸਨ ਤੇ ਉਨਾਂ ਦੀ ਬਹਾਦਰੀ ਨੂੰ ਕਦੀ ਵੀ ਬਣਦਾ ਸਨਮਾਨ ਹਾਸਲ ਨਾ ਹੋਇਆ । ਫਤਿਹ ਫਾਊਂਡੇਸ਼ਨ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਿੱਖ ਫ਼ੌਜੀਆਂ ਦੀ ਬਨਣ ਵਾਲੀ ਇਹ ਯਾਦਗਾਰ ਹਮੇਸ਼ਾਂ ਸਾਡੇ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ । ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਵਿੱਚ ਭਾਰਤੀਆਂ ਖਾਸਕਰ ਪੰਜਾਬੀਆਂ ਦਾ ਇਤਿਹਾਸ ਕਰੀਬ ਦੋ ਸੌ ਸਾਲ ਪੁਰਾਣਾ ਹੈ।

Posted By: Tejinder Thind