ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਇੱਕ ਸੈਮੀਨਾਰ ਮੈਲਬੌਰਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਭਾਈ ਗੁਰਦਾਸ ਜੀ ਪੰਜਾਬੀ ਸਕੂਲ , ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ , ਪੰਜਾਬੀ ਪ੍ਰੈੱਸ ਕਲੱਬ ਮੈਲਬੌਰਨ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਪ੍ਰੇਮੀਆਂ,ਚਿੰਤਕਾਂ ਅਤੇ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ ।

ਸੈਮੀਨਾਰ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਦਇਆਕਰਨ ਸਿੰਘ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਉਪਰੰਤ ਹੋਈ। ਸੈਮੀਨਾਰ ਵਿੱਚ ਭਾਈ ਗੁਰਦਾਸ ਪੰਜਾਬੀ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ , ਸਾਖੀਆਂ , ਕਵਿਤਾਵਾਂ ਨਾਲ ਹਾਜਰੀ ਲਗਵਾਈ। ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਗੁਰੂ ਸਾਹਿਬ ਦੇ ਫਲਸਫੇ ਤੇ ਸਿਖਿਆਵਾਂ ਬਾਰੇ ਚਾਨਣਾ ਪਾਇਆ। ਕੌਮੀ ਅਵਾਜ਼ ਤੋਂ ਗੁਰਤੇਜ ਸਿੰਘ ਸਮਰਾ ਨੇ ਪੰਜਾਬੀ ਬੋਲੀ ਬਾਰੇ ਖੋਜ ਭਰਪੂਰ ਤੱਥ ਸਾਂਝੇ ਕੀਤੇ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਚਾਰ ਅਤੇ ਇਸ ਬਾਬਤ ਆ ਰਹੀਆਂ ਦਰਪੇਸ਼ ਚੁਣੋਤੀਆਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਭਾਈ ਦਇਆਕਰਨ ਸਿੰਘ ਤੇ ਅਮਰਦੀਪ ਕੌਰ ਅਤੇ ਹੋਰ ਬੁਲਾਰਿਆਂ ਨੇ ਪੰਜਾਬੀ ਬੋਲੀ ਦੇ ਵਿਕਾਸ , ਪ੍ਰਚਾਰ , ਪ੍ਰਸਾਰ , ਚਿੰਤਾਵਾਂ , ਇਤਿਹਾਸ , ਰੁਕਾਵਟਾਂ , ਬੋਲੀ ਤੇ ਹੋ ਰਹੇ ਹਮਲੇ ਆਦਿ ਉੱਪਰ ਵਿਚਾਰ ਸਾਂਝੇ ਕੀਤੇ ।ਮੰਚ ਸੰਚਾਲਨ ਸੁਖਜੀਤ ਸਿੰਘ ਔਲਖ ਤੇ ਅਮਰਦੀਪ ਕੌਰ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ।

ਸੈਮੀਨਾਰ ਵਿਚ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ , ਭਾਈ ਗੁਰਦਾਸ ਪੰਜਾਬੀ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ , ਵਿਦਿਆਰਥੀ,ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ । ਸਮਾਗਮ ਦੇ ਅੰਤ ਵਿੱਚ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਬੱਚਿਆਂ ਅਤੇ ਬੁਲਾਰਿਆਂ ਨੂੰ ਗੁਰੂ ਘਰ ਵੱਲੋਂ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ।

Posted By: Rajnish Kaur