ਮੈਲਬੌਰਨ (ਰਾਇਟਰ) : ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਦੀਪਨੁਮਾ ਦੇਸ਼ ਸਮੋਆ ਨੇ ਖਸਰੇ ਦਾ ਕਹਿਰ ਪਿੱਛੋਂ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ ਹੈ। ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਸ਼ਾਂਤ ਖੇਤਰ ਦੇ ਹੋਰ ਦੀਪਾਂ ਵਿਚ ਖਸਰਾ ਫੈਲਣ ਦੇ ਡਰ ਤੋਂ ਇਹ ਕਦਮ ਚੁੱਕੇ ਗਏ ਹਨ। ਹਵਾਈ ਟਾਪੂ ਅਤੇ ਨਿਊਜ਼ੀਲੈਂਡ ਵਿਚਕਾਰ ਸਥਿਤ ਕਰੀਬ ਦੋ ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਪਿਛਲੇ ਕੁਝ ਹਫ਼ਤਿਆਂ ਵਿਚ ਖਸਰੇ ਨਾਲ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਕਤੂਬਰ ਮਹੀਨੇ ਦੇ ਅੰਤ ਵਿਚ ਪਹਿਲੀ ਮੌਤ ਪਿੱਛੋਂ ਖਸਰੇ ਨੂੰ ਮਹਾਮਾਰੀ ਐਲਾਨਿਆ ਗਿਆ ਸੀ।

ਸਿਹਤ ਮੰਤਰਾਲੇ ਮੁਤਾਬਿਕ ਹੁਣ ਤਕ ਖਸਰੇ ਦੇ 716 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 40 ਫ਼ੀਸਦੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਨਿਊਜ਼ੀਲੈਂਡ ਨੇ ਇਸ ਮਹਾਮਾਰੀ ਨਾਲ ਲੜਨ ਲਈ 12 ਨਰਸਾਂ ਦੀ ਟੀਮ ਅਤੇ 3000 ਟੀਕੇ ਭੇਜੇ ਹਨ।