ਮੈਲਬੌਰਨ (ਏਪੀ) : ਆਸਟ੍ਰੇਲੀਆ ਵਿਚ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਲਾਰ ਦਾ ਪ੍ਰੀਖਣ ਸ਼ੁਰੂ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਨੀਆ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਲਈ ਲਾਰ ਦਾ ਪ੍ਰਰੀਖਣ ਹੋਇਆ ਹੈ। ਹੁਣ ਤਕ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਗਲ਼ੇ ਜਾਂ ਨੱਕ ਦੇ ਨਮੂਨੇ ਦੀ ਜਾਂਚ ਕੀਤੀ ਜਾਂਦੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੈਲਬੌਰਨ ਵਿਚ ਐਤਵਾਰ ਨੂੰ 49 ਲੋਕ ਕੋਰੋਨਾ ਪ੍ਰਭਾਵਿਤ ਮਿਲੇ ਜਦਕਿ ਆਸਟ੍ਰੇਲੀਆ ਦੇ ਦੂਜੇ ਹਿੱਸੇ ਵਿਚ ਸਿਰਫ਼ ਚਾਰ ਮਾਮਲੇ ਸਾਹਮਣੇ ਆਏ ਹਨ। ਆਸਟ੍ਰੇਲੀਆ ਦੇ ਉਪ ਮੁੱਖ ਮੈਡੀਕਲ ਅਧਿਕਾਰੀ ਨਿਕ ਕੋਸਟਵਰਥ ਨੇ ਸੋਮਵਾਰ ਨੂੰ ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨਾਲ ਗੱਲਬਾਤ ਵਿਚ ਕਿਹਾ ਕਿ ਵਿਕਟੋਰੀਆ ਸੂਬੇ ਵਿਚ ਲਾਰ ਦੀ ਜਾਂਚ ਸ਼ੁਰੂ ਹੋ ਗਈ ਹੈ। ਮੈਲਬੌਰਨ ਇਸ ਸੂਬੇ ਦੀ ਰਾਜਧਾਨੀ ਹੈ। ਇਹ ਜਾਂਚ ਕਿੰਨੀ ਪ੍ਰਭਾਵੀ ਹੈ ਅਜੇ ਇਸ ਦਾ ਪ੍ਰਰੀਖਣ ਵੀ ਕੀਤਾ ਜਾਣਾ ਹੈ।

ਕੋਸਟਵਰਥ ਨੇ ਕਿਹਾ ਕਿ ਤਰਜੀਹੀ ਆਧਾਰ 'ਤੇ ਅਜੇ ਵੀ ਘੱਟ ਆਰਾਮਦਾਇਕ ਨੱਕ ਦੇ ਨਮੂਨੇ ਦੀ ਜਾਂਚ ਹੀ ਹੈ ਜੋ ਸ਼ਾਇਦ ਜ਼ਿਆਦਾ ਸਹੀ ਹੈ ਪ੍ਰੰਤੂ ਲਾਰ ਦੀ ਜਾਂਚ ਵਧੀਆ ਹੈ, ਖ਼ਾਸ ਕਰ ਕੇ ਬੱਚਿਆਂ ਲਈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੇਟ ਸਟਨ ਨੇ ਕਿਹਾ ਕਿ ਪਾਬੰਦੀਆਂ ਵਿਚ ਛੋਟ ਦਿੱਤੀ ਗਈ ਹੈ ਜਿਸ ਨਾਲ ਇਸ ਮਹਾਮਾਰੀ ਨੂੰ ਰੋਕਣ ਦੀ ਚੁਣੌਤੀ ਹੋਰ ਵੱਧ ਗਈ ਹੈ। ਲੋਕਾਂ ਨੂੰ ਇਹ ਸਮਝਣਾ ਬੜਾ ਮੁਸ਼ਕਲ ਹੋ ਰਿਹਾ ਹੈ ਕਿ ਜ਼ਿੰਦਗੀ ਹੁਣ ਪਹਿਲੇ ਦੀ ਤਰ੍ਹਾਂ ਆਸਾਨ ਨਹੀਂ ਰਹਿ ਗਈ ਹੈ। ਲੋਕਾਂ ਨੂੰ ਕੁਝ ਪਾਬੰਦੀਆਂ ਦੇ ਨਾਲ ਹੀ ਜੀਣਾ ਹੋਵੇਗਾ। ਸਟਨ ਨੇ ਕਿਹਾ ਕਿ ਕੌਮਾਂਤਰੀ ਸੈਲਾਨੀਆਂ ਦਾ ਮੁੱਖ ਕੇਂਦਰ ਹੋਣ ਨਾਤੇ ਸਿਡਨੀ ਅਤੇ ਮੈਲਬੌਰਨ ਵਿਚ ਬਹੁਤ ਤੇਜ਼ੀ ਨਾਲ ਕੋਰੋਨਾ ਮਹਾਮਾਰੀ ਫੈਲੀ ਸੀ। ਮੈਲਬੌਰਨ ਵਿਚ ਠੰਢ ਕਾਰਨ ਵੀ ਇਹ ਮਹਾਮਾਰੀ ਤੇਜ਼ੀ ਨਾਲ ਫੈਲੀ।