ਮੈਲਬੌਰਨ (ਏਜੰਸੀ) : ਆਸਟ੍ਰੇਲੀਆ ਦੇ ਕੁਈਨਜ਼ਲੈਂਡ ਪੁਲਿਸ ਨੇ ਹੱਤਿਆ ਦੇ ਮਾਮਲੇ ’ਚ ਸ਼ੱਕੀ ਇਕ ਭਗੋੜੇ ਭਾਰਤੀ ’ਤੇ 10 ਲੱਖ ਆਸਟ੍ਰੇਲੀਅਨ ਡਾਲਰ ਦਾ ਇਨਾਮ ਐਲਾਨਿਆ ਹੈ। ਮੂਲ ਰੂਪ ’ਚ ਪੰਜਾਬ ਵਾਸੀ ਰਾਜਵਿੰਦਰ ਸਿੰਘ ’ਤੇ 2018 ’ਚ ਇਕ ਔਰਤ ਦੀ ਹੱਤਿਆ ਕਰ ਕੇ ਭਾਰਤ ਭੱਜ ਜਾਣ ਦਾ ਦੋਸ਼ ਹੈ।

7ਨਿਊਜ਼ ਡਾਟ ਕਾਮ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ, ਆਪਣੇ ਕੁੱਤੇ ਨਾਲ ਘੁੰਮਣ ਗਈ 24 ਸਾਲਾ ਟੋਯਾ ਕਾਰਡੀਂਗਲੀ ਦੀ ਕੇਨਰਸ ਤੋਂ 24 ਕਿਲੋਮੀਟਰ ਦੂਰ ਵਾਨਗੇਟੀ ਬੀਤ ’ਤੇ 21 ਅਕਤੂਬਰ, 2018 ਨੂੰ ਲਾਸ਼ ਮਿਲੀ ਸੀ। ਮਾਮਲੇ ’ਚ ਨਰਸ ਦੇ ਰੂਪ ’ਚ ਕੰਮ ਕਰਨ ਵਾਲੇ 38 ਸਾਲਾ ਰਾਜਵਿੰਦਰ ਸਿੰਘ ’ਤੇ ਪ੍ਰਮੁੱਖ ਭੂਮਿਕਾ ਨਿਭਾਉਣ ਦਾ ਦੋਸ਼ ਹੈ। ਉਹ ਹੱਤਿਆ ਕਰਨ ਦੇ ਦੋ ਦਿਨ ਬਾਅਦ ਨੌਕਰੀ, ਪਤਨੀ ਤੇ ਤਿੰਨ ਬੱਚਿਆਂ ਨੂੰ ਛੱਡ ਕੇ ਸਿਡਨੀ ਤੋਂ ਭਾਰਤ ਭੱਜ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਜਾਸੂਸ ਮੁਖੀ ਸੋਨੀਆ ਸਮਿਥ ਨੇ ਕਿਹਾ ਕਿ ਕੁਈਨਜ਼ਲੈਂਡ ਪੁਲਿਸ ਨੇ ਰਾਜਵਿੰਦਰ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਆਸਟ੍ਰੇਲੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸੋਨੀਆ ਨੇ ਕਿਹਾ ਕਿ ਸਾਨੂੰ ਮੰਗਲਵਾਰ ਨੂੰ ਉਸਦੀ ਆਖ਼ਰੀ ਲੋਕੇਸ਼ਨ ਭਾਰਤ ’ਚ ਮਿਲਣ ਦੀ ਪੁਸ਼ਟੀ ਹੋਈ ਹੈ। ਏਐੱਨਆਈ ਦੇ ਮੁਤਾਬਕ, ਰਾਜਵਿੰਦਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ। ਉੱਥੇ, ਨਵੀਂ ਦਿੱਲੀ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਫੈਡਰਲ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮਾਰਚ, 2021 ’ਚ ਆਸਟ੍ਰੇਲੀਆਈ ਅਧਿਕਾਰੀਆਂ ਨੇ ਰਾਜਵਿੰਦਰ ਦੀ ਹਵਾਲਗੀ ਦੀ ਅਰਜ਼ੀ ਦਿੱਤੀ ਸੀ।

Posted By: Jaswinder Duhra