ਭਾਰਤ ਤੋਂ ਆਉਣ ਵਾਲੇ ਯਾਤਰੀਆਂ ਪ੍ਰਤੀ ਆਸਟ੍ਰੇਲੀਆ (Australia) ਦੀ ਸਰਕਾਰ ਸਖ਼ਤ ਹੋ ਗਈ ਹੈ। ਸਰਕਾਰ ਭਾਰਤ ਤੋਂ ਘਰ ਵਾਪਸੀ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਜੁਰਮਾਨਾ ਤੇ ਜੇਲ੍ਹ ਵਰਗੀ ਸਜ਼ਾ ਦੇਣ ਦੀ ਵਿਵਸਥਾ ਕਰੇਗੀ। ਦੇਸ਼ ਤੇ ਖ਼ਜ਼ਾਨਾ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਇਸ ਕਦਮ ਨੂੰ ਕਠੋਰ ਦੱਸਦੇ ਹੋਏ ਇਸ ਦਾ ਬਚਾਅ ਕੀਤਾ, ਪਰ ਕਿਹਾ ਕਿ ਇਸ ਨੂੰ ਲਿਆਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ (Scott Morrison) ਦੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ (India Direct Flights) 'ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ।

ਸਰਕਾਰ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਹਾਲ ਹੀ 'ਚ ਦੋ ਆਸਟ੍ਰੇਲਿਆਈ ਕ੍ਰਿਕਟਰ ਵੀਰਵਾਰ ਨੂੰ ਦੇਸ਼ ਪੁੱਜੇ। ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ 'ਤੇ ਲੱਗੀ ਰੋਕ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਕ੍ਰਿਕਟਰਾਂ ਨੇ ਸਭ ਤੋਂ ਪਹਿਲਾਂ ਕਤਰ (Qatar) ਦੀ ਯਾਤਰਾ ਕੀਤਾ। ਫਿਰ ਉੱਥੋਂ ਆਸਟ੍ਰੇਲੀਆ ਲਈ ਉਡਾਣ ਭਰੀ। ਸਿਹਤ ਮੰਤਰੀ ਗ੍ਰੇਡ ਹੰਟ ਨੇ ਸ਼ੁੱਕਰਵਾਰ ਰਾਤ ਐਲਾਨ ਕੀਤਾ ਕਿ ਉਹ ਸਰਹੱਦ 'ਤੇ ਪਾਬੰਦੀਆਂ ਨੂੰ ਸਖ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਨਿਯਮ ਨੂੰ ਤੋੜਨ ਦਾ ਯਤਨ ਕਰੇਗਾ, ਉਸ 'ਤੇ 66,600 ਡਾਲਰ (ਲਗਪਗ 50 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਜਾਵੇਗਾ ਜਾਂ ਪੰਜ ਸਾਲ ਜੇਲ੍ਹ ਦੀ ਸਜ਼ਾ ਹੋਵੇਗੀ, ਜਾਂ ਫਿਰ ਉਸ ਨੂੰ ਦੋਵੇਂ ਹੀ ਸਜ਼ਾ ਝੱਲਣੀਆਂ ਪੈ ਸਕਦੀਆਂ ਹਨ।

ਸੋਮਵਾਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੇ ਫ਼ੈਸਲੇ ਹਲਕੇ 'ਚ ਨਹੀਂ ਲੈਂਦੀ। ਹਾਲਾਂਕਿ, ਇਹ ਆਸਟ੍ਰੇਲਿਆਈ ਲੋਕਾਂ ਦੀ ਸਿਹਤ ਲਈ ਜ਼ਰੂਰੀ ਹੈ। ਕੁਆਰੰਟਾਈਨ ਸਿਸਟਮ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਕੁਆਰੰਟਾਈਨ ਫੈਸਿਲਟੀ 'ਚ ਕੋਵਿਡ-19 ਦੇ ਮਾਮਲੇ ਸੰਭਾਲਣ ਲਾਇਕ ਪੱਧਰ 'ਤੇ ਹਨ। ਨਵੇਂ ਨਿਯਮ ਸੋਮਵਾਰ ਤੋਂ ਲਾਗੂ ਹੋ ਜਾਣਗੇ ਤੇ 15 ਮਈ ਨੂੰ ਇਸ ਦੀ ਸਮੀਖਿਆ ਕੀਤੀ ਜਾਵੇਗੀ। ਹੰਟ ਨੇ ਬਾਇਓਸਕਿਓਰਟੀ ਐਕਟ ਤਹਿਤ ਮੁਹੱਈਆ ਕਰਵਾਈਆਂ ਗਈਆਂ ਸ਼ਕਤੀਆਂ ਜ਼ਰੀਏ ਨਵੇਂ ਨਿਯਮਾਂ ਨੂੰ ਲਾਗੂ ਕੀਤਾ। ਇਸ ਐਕਟ ਜ਼ਰੀਏ ਸਰਹੱਦਾਂ ਨੂੰ ਬੰਦ ਵੀ ਕੀਤਾ ਗਿਆ ਸੀ।

Posted By: Seema Anand