ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਪੰਜਾਬ ਦੇ ਪ੍ਰਸਿੱਧ ਸ਼ਾਇਰ, ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਜੋ ਕਿ ਅੱਜ ਕਲ ਆਸਟ੍ਰੇਲੀਆ ਦੇ ਦੋਰੇ ਤੇ ਆਏ ਹੋਏ ਹਨ ।ਜਿਸ ਦੇ ਚਲਦਿਆਂ ਮੈਲਬੌਰਨ ਵਿੱਖੇ ਦੇਬੀ ਦੀ ਆਮਦ ਮੋਕੇ ਪੰਜਾਬੀ ਸਭਿਆਚਾਰਕ ਕੇਂਦਰ ਮੈਲਬੌਰਨ ਵਲੋਂ ਇੱਕ ਮਿਲਣੀ ਦਾ ਆਯੋਜਨ ਕੀਤਾ ਗਿਆ। ਪੰਜਾਬੀ ਸਭਿਆਚਾਰਕ ਕੇਂਦਰ ਮੈਲਬੌਰਨ ਦੇ ਪ੍ਰਧਾਨ ਫੁੱਲਵਿੰਦਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇਸ ਸੰਖੇਪ ਮਿਲਣੀ ਵਿੱਚ ਦੇਬੀ ਮਖਸੂਸਪੂਰੀ ਨੂੰ ਇੱਕ ਸਨਮਾਨ ਚਿੰਨ ਤੇ ਦੁਸ਼ਾਲਾ ਭੇਂਟ ਕੀਤਾ ਗਿਆ।

ਇਸ ਮੌਕੇ ਹਾਜ਼ਰ ਮੈਲਬੌਰਨ ਦੇ ਮੀਡੀਆ ਅਤੇ ਆਏ ਹੋਏ ਮਹਿਮਾਨਾਂ ਨਾਲ ਮੁਖ਼ਾਤਿਬ ਹੁੰਦਿਆਂ ਦੇਬੀ ਮਖਸੂਸਪੁਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਸਾਹਿਤ ਪੜ੍ਹਨ ਦੀ ਰੁਚੀ ਵਿੱਚ ਹੋਰ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਅਮੀਰ ਵਿਰਾਸਤ ਨੂੰ ਲੰਬੇ ਸਮੇਂ ਤਕ ਸਾਂਭਿਆ ਜਾ ਸਕੇ। ਉਨ੍ਹਾਂ ਪੰਜਾਬੀ ਮਾਂ ਬੋਲੀ ਦੇ ਇਤਹਾਸ, ਵਿਸ਼ਾਲਤਾ ਤੇ ਨਿਆਰੇਪਣ ਦੀਆਂ ਡੂੰਘੀਆਂ ਤੇ ਗਿਆਨ ਭਰਪੂਰ ਗੱਲਾਂ ਦੀ ਸਾਂਝ ਪਾਉਂਦਿਆਂ ਨੋਜਵਾਨ ਪੀੜੀ ਨੂੰ ਕਿਤਾਬਾਂ ਪੜਨ ਦਾ ਸ਼ੋਂਕ ਪਾਲਣ ਦੀ ਗੁਜਾਰਿਸ਼ ਵੀ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਕਈ ਸ਼ਬਦ ਉਰਦੂ ,ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਤੋਂ ਪੰਜਾਬੀ ਬੋਲੀ ਵਿੱਚ ਆਏ ਹੋਏ ਹਨ। ਆਮ ਬੋਲਚਾਲ ਦੌਰਾਨ ਬੋਲੇ ਜਾਂਦੇ ਸ਼ਬਦਾਂ ਬਾਰੇ ਉਨ੍ਹਾਂ ਨੇ ਹਵਾਲੇ ਵੀ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਮਾਣਮੱਤਾ ਤੇ ਲਾਸਾਨੀ ਇਤਹਾਸ ਸਾਂਭਣ ਦੇ ਲਈ ਅਵੇਸਲਾ ਨਹੀਂ ਹੋਣਾ ਚਾਹਿਦਾ। ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਇਤਿਹਾਸਕ ਪੱਖ ਤੇ ਦੱਖਣੀ ਭਾਰਤ ਦੇ ਲੋਕਾਂ ਦੀ ਸਾਹਿਤ ਪ੍ਰਤੀ ਰੁਚੀ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਬਿਆਨ ਕੀਤਾ ਤੇ ਨਾਲ ਹੀ ਆਪਣੀ ਗਾਇਕੀ ਅਤੇ ਗੀਤਕਾਰੀ ਦੇ ਸਫ਼ਰ ਦੇ ਤਜਰਬਿਆਂ ਨੂੰ ਵੀ ਸਾਂਝਾ ਕੀਤਾ। ਇਸ ਮੌਕੇ ਫੁੱਲਵਿੰਦਰਜੀਤ ਸਿੰਘ ਗਰੇਵਾਲ,ਇੰਦਰਜੀਤ ਸਿੰਘ ਬਾਂਛਲ, ਮਨਦੀਪ ਸਿੰਘ ਸੈਣੀ,ਸੁਖਜੀਤ ਸਿੰਘ ਔਲਖ , ਜਤਿੰਦਰ ਸਿੰਘ, ਰਸ਼ਪਿੰਦਰ ਸਿੰਘ, ਪਾਲ ਭੰਗੂ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

Posted By: Seema Anand