ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬਰਨ : ਪੰਜਾਬੀ ਲੋਕ ਨਾਚਾਂ ਦੀਆਂ ਸ਼ਾਨਦਾਰ ਵੰਨਗੀਆਂ ਦੇ ਨਾਲ ਸਾਫ਼ ਸੁਥਰੀ ਗਾਇਕੀ ਗਾ ਕੇ ਪੰਜਾਬੀ ਗਾਇਕੀ ਵਿੱਚ ਆਪਣਾ ਨਾਮ ਮੂਹਰਲੀਆਂ ਸਫਾਂ ਵਿੱਚ ਦਰਜ ਕਰਾਉਣ ਵਾਲੇ ਪੰਮੀ ਬਾਈ ਅੱਜ ਕਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਖੇ ਆਏ ਹੋਏ ਹਨ ਜਿਸ ਦੇ ਚਲਦਿਆਂ ਇੱਥੋ ਦੀਆਂ ਵੱਖ ਸੰਸਥਾਵਾਂ ਵਲੋਂ ਉਨਾਂ ਦਾ ਸਨਮਾਨ ਕੀਤਾ ਗਿਆ ਤੇ ਪੰਜਾਬੀ ਲੋਕ ਨਾਚਾ, ਲੋਕ ਸਾਜਾਂ ਤੇ ਪੰਜਾਬੀ ਬੋਲੀ ਲਈ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਉਨਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪੰਜਾਬੀ ਸਭਿਆਚਾਰਕ ਕੇਂਦਰ ਮੈਲਬੌਰਨ, ਮੋਜ ਮੇਲਾ ਈਵੈਂਟਸ ਤੇ ਦਾ ਗਰੈਂਡ ਸੈਫਰਨ ਵਲੋ ਉਨਾਂ ਸਨਮਾਨ ਕੀਤਾ ਗਿਆ। ਇਸ ਮੌਕੇ ਇੱਕ ਰੂਬਰੂ ਸਮਾਗਮ ਚ ਬੋਲਦਿਆਂ ਪੰਮੀ ਬਾਈ ਨੇ ਭੰਗੜੇ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਬੋਲਦਿਆਂ ਕਿਹਾ ਕਿ ਸਮੇਂ ਦੇ ਨਾਲ ਬਦਲਾਅ ਆਉਣਾ ਸੁਭਾਵਿਕ ਗੱਲ ਹੈ ਪਰ ਹੁਣ ਭੰਗੜਾ- ਭੰਗੜਾ ਨਾਂ ਰਹਿ ਕੇ ਕਸਰਤ ਬਣ ਗਿਆ ਹੈ ਜਿਸ ਦੇ ਨਾਲ ਭੰਗੜੇ ਵਿਚਲੀ ਲਚਕ, ਜੁੱਸਾ ਤੇ ਜੋਰ ਖਤਮ ਹੁੰਦਾ ਜਾ ਰਿਹਾ ਹੈ ।ਉਨਾਂ ਕਿਹਾ ਕਿ ਪੰਜਾਬ ਦੀਆ ਉੱਚ ਕੋਟੀ ਦੀਆਂ ਸਿੱਖਿਆ ਸੰਸਥਾਵਾਂ ਨਾਲ ਮਿਲ ਕੇ ਰਵਾਇਤੀ ਭੰਗੜੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਤਾਂ ਜੋ ਭੰਗੜੇ ਦਾ ਅਸਲ ਵਜੂਦ ਕਾਇਮ ਰਹਿ ਸਕੇ।ਕੁੜੀਆਂ ਨੂੰ ਭੰਗੜਾ ਸਿੱਖਾਉਣ ਦੇ ਸਵਾਲ ਵਿੱਚ ਪੰਮੀ ਬਾਈ ਨੇ ਕਿਹਾ ਭਾਵੇ ਅਜੌਕੇ ਸਮੇਂ ਕੁੜੀਆਂ ਮਰਦਾਂ ਤੋ ਕਿਸੇ ਵੀ ਪੱਖੋ ਘੱਟ ਨਹੀ ਹਨ ਪਰ ਉਨਾਂ ਨੂੰ ਭੰਗੜੇ ਦੇ ਨਾਲ ਨਾਲ ਗਿੱਧਾ ਤੇ ਬੋਲੀਆਂ ਵੀ ਜਰੂਰ ਸਿਖਣੀਆਂ ਚਾਹਿਦੀਆਂ ਹਨ ਨਹੀ ਆਉਦੇ ਸਮੇ ਵਿੱਚ ਗਿੱਧਾ ਤੇ ਬੋਲੀਆਂ ਅਲੋਪ ਹੋ ਜਾਣਗੀਆਂ। ਉਨਾਂ ਕਿਹਾ ਕਿ ਕੁਝ ਨਾਚ ਮਰਦਾਂ ਲਈ ਬਣੇ ਹਨ ਤੇ ਕੁਝ ਔਰਤਾਂ ਲਈ ਬਣੇ ਹਨ। ਇਸੇ ਕਰਕੇ ਨਾਚਾਂ ਵਿੱਚ ਵਖਰੇਵਾਂ ਰੱਖਿਆ ਗਿਆ ਹੈ।ਪੰਮੀ ਬਾਈ ਨੇ ਕਿਹਾ ਕਿ ਉਹ ਜਲਦ ਹੀ ਰਵਾਇਤੀ ਸਾਜ਼ਾਂ ਢੋਲ , ਸਾਰੰਗੀ , ਢੱਡ , ਅਲਗੋਜ਼ੇ ਆਦਿ ਨਾਲ ਸਰੋਸ਼ਾਰ ਨਵੀਂ ਵੰਨਗੀ "ਫੌਕ ਬੈਂਡ" ਲੈ ਕੇ ਹਾਜ਼ਰ ਹੋਣਗੇ ਜਿਹੜੀ ਨਵੀਂਆਂ ਪੀੜੀਆਂ ਲਈ ਸਾਂਭਣਯੋਗ ਸੌਗ਼ਾਤ ਹੋਵੇਗੀ । ਇਸ ਮੌਕੇ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਤੋਂ ਅਮਰਦੀਪ ਕੌਰ , ਮਨਦੀਪ ਸਿੰਘ ਸੈਣੀ ,ਸੁਖਜੀਤ ਸਿੰਘ ਔਲਖ ਮੌਜ ਮੇਲਾ ਇਵੈਂਟਸ ਤੋ ਲਵਲੀ ਵਾਲੀਆ ,ਹਰਪ੍ਰੀਤ ਵੜੈਚ,ਦਲਜੀਤ ਸਿੰਘ , ਪਲਵਿੰਦਰ ਠੁੱਲੀਵਾਲ , ਗਾਇਕ ਭੂਰਾ ਲਿੱਤਰਾਂ ,ਗਰੈਂਡ ਸੈਫਰਨ ਤੋ ਹਰਮਨਦੀਪ ਸਿੰਘ, ਅਮਨਦੀਪ ਰੋਸ਼ਾ, ਸੋਨੀ ਢਿਲੋਂ ਆਦਿ ਹਾਜ਼ਰ ਸਨ

Posted By: Tejinder Thind