ਮੈਲਬੌਰਨ (ਰਾਇਟਰ) : ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ 'ਚ ਸ਼ਨਿਚਰਵਾਰ ਨੂੰ ਸੈਂਕੜੇ ਲੋਕ ਲਾਕਡਾਊਨ ਖ਼ਿਲਾਫ਼ ਸੜਕਾਂ 'ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਦੇ ਆਦੇਸ਼ ਦਾ ਉਲੰਘਣ ਕਰਨ 'ਤੇ 15 ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਆਸਟ੍ਰੇਲੀਆ 'ਚ ਵਿਕਟੋਰੀਆ ਸੂਬਾ ਕੋਰੋਨਾ ਮਹਾਮਾਰੀ ਦਾ ਹਾਟਸਪਾਟ ਬਣਿਆ ਹੈ। ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਮੈਲਬੌਰਨ ਵਿਚ ਕਰੀਬ ਪੰਜ ਹਫ਼ਤੇ ਤੋਂ ਲਾਕਡਾਊਨ ਲਾਗੂ ਹੈ।

ਮੈਲਬੌਰਨ 'ਚ ਸੜਕਾਂ 'ਤੇ ਉਤਰੇ ਕਰੀਬ 200 ਪ੍ਰਦਰਸ਼ਨਕਾਰੀਆਂ ਨੇ 'ਫ੍ਰੀਡਮ' ਅਤੇ 'ਹਿਊਮਨ ਰਾਈਟਸ ਮੈਟਰ' ਵਰਗੇ ਨਾਅਰੇ ਲਗਾਏ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਘੇਰ ਰੱਖਿਆ ਸੀ। ਵਿਕਟੋਰੀਆ ਪੁਲਿਸ ਨੇ ਇਕ ਬਿਆਨ ਵਿਚ ਦੱਸਿਆ ਕਿ ਇਕ ਵਿਅਕਤੀ ਨੂੰ ਪੁਲਿਸ 'ਤੇ ਹਮਲੇ ਦੇ ਦੋਸ਼ ਵਿਚ ਫੜਿਆ ਗਿਆ ਹੈ ਜਦਕਿ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਸਿਹਤ ਸਬੰਧੀ ਪਾਬੰਦੀਆਂ ਦੇ ਉਲੰਘਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ। ਕੁਝ 'ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਆਸਟ੍ਰੇਲੀਆ ਦੇ ਸਿਡਨੀ ਅਤੇ ਬਾਇਰਾਨ ਬੇ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਵਿਕਟੋਰੀਆ ਵਿਚ ਸ਼ਨਿਚਰਵਾਰ ਨੂੰ 76 ਨਵੇਂ ਮਾਮਲੇ ਸਾਹਮਣੇ ਆਏ ਅਤੇ 11 ਪੀੜਤਾਂ ਦੀ ਮੌਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਆਂ ਦਾ ਹੀ ਸਿੱਟਾ ਹੈ ਕਿ ਵਿਕਟੋਰੀਆ ਵਿਚ ਨਵੇਂ ਮਾਮਲਿਆਂ ਵਿਚ ਹੌਲੀ-ਹੌਲੀ ਗਿਰਾਵਟ ਆ ਰਹੀ ਹੈ।