ਖੁਸਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਅਨ ਮਲਟੀਕਲਚਰਲ ਸੰਸਥਾ, ਦਲ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ ਪਲੰਪਟਨ ਤੇ ਆਸਟ੍ਰੇਲੀਅਨ ਸਿੱਖ ਕੌਂਸਲ ਵੱਲੋਂ ਸਾਂਝੇ ਰੂਪ 'ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਸਥਿਤ ਪਾਰਲੀਮੈਂਟ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਏ ਗਏ। ਇਹ ਪਹਿਲੀ ਵਾਰ ਸੀ ਕਿ ਵਿਕਟੋਰੀਆ ਸੂਬੇ ਦੀ ਪਾਰਲੀਮੈਂਟ ਵਿਚ ਗੁਰੂ ਗ੍ੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਇਲਾਹੀ ਬਾਣੀ ਦਾ ਪਾਠ ਕੀਤਾ ਗਿਆ ਅਤੇ ਤੰਤੀ ਸਾਜ਼ਾਂ 'ਤੇ ਕੀਰਤਨ ਕੀਤਾ ਗਿਆ।ਇਸ ਸਮਾਗਮ ਵਿਚ ਆਸਟ੍ਰੇਲੀਆ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਫੈਡਰਲ ਮੈਂਬਰ ਪਾਰਲੀਮੈਂਟ ਰੌਬ ਮਿਚਲ, ਮਾਰਿਆ ਵੈਮਵੈਕੀਨੋ, ਰੌਸ ਸਪੈਂਸ, ਦੀਪਕ ਰਾਜ ਗੁਪਤਾ, ਸਮੰਥਾ ਰਤਨਮ, ਇੰਨਗਿ੍ਡ ਸਟਿਟ, ਵੀਵੀਨੀ ਨਿਗੁਅਨ, ਡੈਨੀ ਅਲਗਰੀਨ, ਵਿੱਕੀ ਵਾਡ (ਸਾਰੇ ਮੈਂਬਰ ਪਾਰਲੀਮੈਂਟ) ਹਾਜ਼ਰ ਸਨ। ਇਸ ਸਮਾਗਮ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਬਾਬਰ ਅਮੀਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਆਏ ਹੋਏ ਸਾਰੇ ਮਹਿਮਾਨਾਂ ਨੇ ਆਪਣੇ ਸੰਬੋਧਨ ਦੌਰਾਨ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਪਾਠ ਅਤੇੇ ਕੀਰਤਨ ਦੀ ਸਮਾਪਤੀ ਪਿੱਛੋਂ ਇਸੇ ਸਮਾਗਮ ਦੀ ਹੀ ਲੜੀ ਨੂੰ ਅੱਗੇ ਤੋਰਦਿਆਂ ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਬਾਰੇ ਦੱਸਣ ਲਈ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਆਸਟ੍ਰੇਲੀਅਨ ਮਲਟੀਕਲਚਰਲ ਸੰਸਥਾ ਵੱਲੋਂ ਬੀਬੀ ਜਮੀਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਿੱਖ ਧਰਮ ਦੇ ਇਤਿਹਾਸ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ।ਅਮਰੀਕਾ ਤੋਂ ਸਿੱਖ ਰਿਸਰਚ ਇੰਸਟੀਚਿਊਟ ਤੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿਚ ਪੁੱਜੇ ਹਰਿੰਦਰ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦੇ ਮਨੁੱਖਤਾ ਪ੍ਰਤੀ ਦਿੱਤੇ ਸੰਦੇਸ਼ ਨੂੰ ਸਾਂਝਾ ਕੀਤਾ।ਇਸ ਮੌਕੇ ਕਈ ਸੰਸਦ ਮੈਬਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਪਾਕਿ ਹਾਈ ਕਮਿਸ਼ਨਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਜਾਣੂ ਕਰਵਾਇਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।