ਕੈਨਬਰਾ (ਏਪੀ) : ਆਸਟ੍ਰੇਲੀਆ 'ਚ ਕੋਰੋਨਾ ਇਨਫੈਕਸ਼ਨ ਦੇ ਪਸਾਰ ਦਾ ਕੇਂਦਰ ਰਿਹਾ ਰੂਬੀ ਪ੍ਰਿੰਸੇਸ ਕ੍ਰੂਜ਼ ਵੀਰਵਾਰ ਨੂੰ ਸਿਡਨੀ ਤੱਟ ਤੋਂ ਰਵਾਨਾ ਹੋ ਗਿਆ। ਬਰਮੂਡਾ ਵਿਚ ਰਜਿਸਟਰਡ ਕੰਪਨੀ ਦਾ ਇਹ ਜਹਾਜ਼ 19 ਮਾਰਚ ਨੂੰ ਆਸਟ੍ਰੇਲੀਆ ਦੇ ਤੱਟ 'ਤੇ ਪੁੱਜਾ ਸੀ। ਇਸੇ ਦਿਨ ਕ੍ਰੂਜ਼ ਤੋਂ ਕਰੀਬ 2700 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਉਤਰੇ ਸਨ, ਜਿਨ੍ਹਾਂ ਵਿਚੋਂ ਕਈ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਸਨ।

ਆਸਟ੍ਰੇਲੀਆ ਵਿਚ ਇਸ ਕ੍ਰੂਜ਼ ਨਾਲ ਜੁੜੇ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕ੍ਰੂਜ਼ ਤੋਂ ਉਤਰਨ ਤੋਂ ਬਾਅਦ ਕਈ ਯਾਤਰੀ ਫਲਾਈਟ ਲੈ ਕੇ ਆਪਣੇ-ਆਪਣੇ ਦੇਸ਼ ਗਏ ਸਨ, ਜਿਸ ਨਾਲ ਇਨਫੈਕਸ਼ਨ ਦਾ ਦਾਇਰਾ ਹੋਰ ਵਧਿਆ। ਇਨਫੈਕਸ਼ਨ ਕਾਲ ਵਿਚ ਬਿਨਾਂ ਕਿਸੇ ਡਾਕਟਰੀ ਜਾਂਚ ਦੇ ਯਾਤਰੀਆਂ ਨੂੰ ਕ੍ਰੂਜ਼ ਤੋਂ ਉਤਰਨ ਦੀ ਇਜਾਜ਼ਤ ਦੇਣ 'ਤੇ ਕ੍ਰੂਜ਼ ਦੇ ਸੰਚਾਲਕ ਖ਼ਿਲਾਫ਼ ਆਸਟ੍ਰੇਲੀਆਈ ਪੁਲਿਸ ਅਪਰਾਧਕ ਜਾਂਚ ਕਰ ਰਹੀ ਹੈ।

ਕ੍ਰੂਜ਼ ਦੀ ਘਟਨਾ ਤੋਂ ਮਿਲੇ ਸਬਕ ਤੋਂ ਬਾਅਦ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਨੇ ਅਗਲੇ ਆਦੇਸ਼ ਤਕ ਜਹਾਜ਼ਾਂ ਦੇ ਆਪਣੇ ਤੱਟ 'ਤੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। 550 ਕ੍ਰੂ ਮੈਂਬਰਾਂ ਨਾਲ ਇਹ ਕ੍ਰੂਜ਼ ਹੁਣ ਫਿਲਪੀਨ ਵੱਲ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਮੁਤਾਬਕ, ਕ੍ਰੂਜ਼ 'ਤੇ ਸਵਾਰ ਸਾਰੇ ਲੋਕਾਂ ਦੀ ਡਾਕਟਰੀ ਜਾਂਚ ਕਰ ਲਈ ਗਈ ਹੈ।