ਮੈਲਬੌਰਨ (ਰਾਇਟਰ) : ਨਿਊ ਕੈਲੇਡੋਨੀਆ ਫਰਾਂਸ ਤੋਂ ਅਲੱਗ ਨਹੀਂ ਹੋਵੇਗਾ। ਐਤਵਾਰ ਨੂੰ ਆਜ਼ਾਦੀ ਲਈ ਹੋਈ ਰਾਇਸ਼ੁਮਾਰੀ ਵਿਚ ਲੋਕਾਂ ਨੇ ਇਸ ਦੇ ਵਿਰੋਧ ਵਿਚ ਵੋਟਾਂ ਪਾਈਆਂ। ਜੇਕਰ ਇੱਥੋਂ ਦੇ ਲੋਕ ਆਜ਼ਾਦੀ ਦਾ ਸਮਰਥਨ ਕਰਦੇ ਤਾਂ ਫਰਾਂਸ ਦੇ ਹੱਥੋਂ ਪ੍ਰਸ਼ਾਂਤ ਖੇਤਰ ਵਿਚ ਸਥਿਤ ਸਭ ਤੋਂ ਵੱਡਾ ਦਰਾਮਦ ਖੇਤਰ ਹੱਥ ਵਿੱਚੋਂ ਨਿਕਲ ਜਾਂਦਾ। ਖ਼ਾਸ ਗੱਲ ਇਹ ਹੈ ਕਿ ਇਸ ਖੇਤਰ ਵਿਚ ਚੀਨ ਆਪਣਾ ਦਬਦਬਾ ਵਧਾਉਂਦਾ ਜਾ ਰਿਹਾ ਹੈ। ਇਸ ਫ਼ੈਸਲੇ ਨਾਲ ਫਰਾਂਸ ਦੇ ਬਸਤੀਵਾਦੀ ਗੌਰਵ ਨੂੰ ਵੀ ਸੱਟ ਪਹੁੰਚਦੀ ਜਿਸ ਦੀ ਪਹੁੰਚ ਕਦੀ ਕੈਰੇਬੀਅਨ ਸਾਗਰ, ਅਫਰੀਕਾ ਦੇ ਵੱਡੇ ਹਿੱਸੇ, ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਤਕ ਸੀ। ਨਿਊ ਕੈਲੇਡੋਨੀਆ 1853 ਤੋਂ ਫਰਾਂਸ ਦਾ ਹਿੱਸਾ ਹੈ ਅਤੇ ਇਹ ਦੱਖਣੀ-ਪੱਛਮੀ ਪ੍ਰਸ਼ਾਂਤ ਦਾ ਇਕ ਦੂਰਦਰਾਜ ਦਾ ਦੀਪੀ ਖੇਤਰ ਹੈ।

ਵੋਟਿੰਗ 'ਚ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 304 ਵੋਟਿੰਗ ਕੇਂਦਰਾਂ ਵਿਚ 85.6 ਫ਼ੀਸਦੀ ਲੋਕਾਂ ਨੇ ਵੋਟ ਪਾਏ। ਫਰਾਂਸ ਤੋਂ ਆਜ਼ਾਦੀ ਖ਼ਿਲਾਫ਼ 53.26 ਫ਼ੀਸਦੀ ਲੋਕਾਂ ਨੇ ਵੋਟ ਦਿੱਤਾ। ਫਰਾਂਸ ਤੋਂ ਅਲੱਗ ਹੋਣ ਦੇ ਮੁੱਦੇ 'ਤੇ ਨਿਊ ਕੈਲੇਡੋਨੀਆ ਵਿਚ ਲੰਬੇ ਸਮੇਂ ਤੋਂ ਇਕ ਰਾਇ ਨਹੀਂ ਹੈ। ਸਾਲ 2018 ਵਿਚ ਵੀ ਇਸ ਮੁੱਦੇ 'ਤੇ ਰਾਇਸ਼ੁਮਾਰੀ ਹੋਈ ਸੀ ਪ੍ਰੰਤੂ ਤਦ ਵੀ ਉੱਥੋਂ ਦੇ ਲੋਕਾਂ ਨੇ ਫਰਾਂਸ ਤੋਂ ਅਲੱਗ ਹੋਣ ਖ਼ਿਲਾਫ਼ ਆਪਣੀ ਰਾਇ ਜ਼ਾਹਿਰ ਕੀਤੀ ਸੀ।

ਇਹ ਖੇਤਰ ਆਸਟ੍ਰੇਲੀਆ ਤੋਂ 1,200 ਕਿਲੋਮੀਟਰ ਪੂਰਬ ਵਿਚ ਸਥਿਤ ਇਕ ਦੀਪ ਸ਼੍ਰੇਣੀ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਇਸ ਦੀ ਦੂਰੀ 20 ਹਜ਼ਾਰ ਕਿਲੋਮੀਟਰ ਹੈ। ਇਸ ਦੀਪੀ ਖੇਤਰ ਨੂੰ ਕਾਫ਼ੀ ਹੱਦ ਤਕ ਖ਼ੁਦਮੁਖਤਾਰੀ ਹਾਸਲ ਹੈ ਪ੍ਰੰਤੂ ਰੱਖਿਆ ਅਤੇ ਸਿੱਖਿਆ ਵਰਗੇ ਮੁੱਦਿਆਂ 'ਤੇ ਇਸ ਦੀ ਫਰਾਂਸ 'ਤੇ ਬਹੁਤ ਜ਼ਿਆਦਾ ਨਿਰਭਰਤਾ ਹੈ। ਦਰਅਸਲ, ਇਹ ਰਾਇਸ਼ੁਮਾਰੀ ਸਾਲ 1998 ਵਿਚ ਫਰਾਂਸ, ਕਨਕ ਐਂਡ ਸੋਸ਼ਲਿਸਟ ਨੈਸ਼ਨਲ ਲਿਬਰੇਸ਼ਨ ਫਰੰਟ ਅਤੇ ਆਜ਼ਾਦੀ ਵਿਰੋਧੀ ਨੇਤਾਵਾਂ ਵਿਚਕਾਰ ਹੋਏ ਇਕ ਸਮਝੌਤੇ ਤਹਿਤ ਹੋ ਰਿਹਾ ਹੈ।