ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੋਵਿਡ ਮਹਾਮਾਰੀ ਦੇ ਵੱਧਦੇ ਰੁਝਾਨ ਅਤੇ ਡੈਲਟਾ ਰੂਪ ਦੇ ਮੱਦੇਨਜ਼ਰ ਮੌਡਰਨਾ ਕੋਵਿਡ -19 ਟੀਕੇ ਨੂੰ ਵਿਸ਼ਵ ਦੇ ਮੋਹਰੀ ਰੈਗੂਲੇਟਰ, ਥੈਰੇਪਟਿਕਸ ਗੁਡਜ਼ ਐਡਮਿਨਿਸਟ੍ਰੇਸ਼ਨ ਦੁਆਰਾ 18+ ਤੋਂ ਵੱਧ ਉਮਰ ਦੇ ਆਸਟ੍ਰੇਲਿਆਈ ਲੋਕਾਂ ਵਿੱਚ ਵਰਤਣ ਦੀ ਆਰਜ਼ੀ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪਾਇਆ ਗਿਆ ਹੈ ਅਤੇ ਆਸਟਰੇਲੀਆ ਦੀ ਸਰਕਾਰ ਨੇ ਟੀਕੇ ਦੀਆਂ 25 ਮਿਲੀਅਨ ਖੁਰਾਕਾਂ ਪਹਿਲਾਂ ਹੀ ਸੁਰੱਖਿਅਤ ਕਰ ਲਈਆਂ ਹਨ, ਜਿਨ੍ਹਾਂ ਵਿੱਚ ਪਹਿਲੀ 1 ਮਿਲੀਅਨ ਸਤੰਬਰ ਵਿੱਚ ਪਹੁੰਚਣੀ ਹੈ। ਉਹਨਾਂ ਹੋਰ ਕਿਹਾ ਕਿ ਇਹ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਲਈ ਇੱਕ ਵੱਡੀ ਉਪਲਬਧੀ ਹੈ ਕਿਉਂਕਿ ਅਸੀਂ ਕੋਵਿਡ -19 ਦੇ ਬਹੁਤ ਜ਼ਿਆਦਾ ਛੂਤ ਵਾਲੇ ਡੈਲਟਾ ਰੂਪ ਦੇ ਵਿਰੁੱਧ ਆਪਣੀ ਭਿਆਨਕ ਲੜਾਈ ਲੜ ਰਹੇ ਹਾਂ।

ਗੌਰਤਲਬ ਹੈ ਕਿ ਮੌਡਰਨਾ ਵੈਕਸੀਨ ਇੱਕ ਐਮਆਰਐਨਏ ਵੈਕਸੀਨ ਹੈ, ਜੋ ਫਾਇਜ਼ਰ ਵਰਗੀ ਹੈ, ਅਤੇ 28 ਦਿਨਾਂ ਦੇ ਅੰਤਰਾਲ ਵਿੱਚ ਦੋ ਖੁਰਾਕਾਂ ਦੀ ਲੋੜ ਹੁੰਦੀ ਹੈ। ਇਹ ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ, ਕੈਨੇਡਾ, ਯੂਰਪੀਅਨ ਯੂਨੀਅਨ ਅਤੇ ਸਿੰਗਾਪੁਰ ਵਿੱਚ ਵਿਆਪਕ ਤੌਰ ਤੇ ਵਰਤੀ ਜਾ ਰਹੀ ਹੈ। ਫਾਇਜ਼ਰ ਅਤੇ ਐਸਟ੍ਰਾਜ਼ੇਨੇਕਾ ਪਹਿਲਾਂ ਹੀ ਆਸਟਰੇਲੀਆ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕੇ ਵਜੋਂ ਸ਼ਾਮਲ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਟੀਕਾ ਲਗਵਾਉਣਾ ਸਾਡੇ ਲਈ ਇਸ ਮਹਾਮਾਰੀ ਦੇ ਦੂਜੇ ਪਾਸੇ ਪਹੁੰਚਣ ਦੀ ਕੁੰਜੀ ਹੈ। ਇਸ ਲਈ ਜਾਓ ਅਤੇ ਜਿੰਨੀ ਛੇਤੀ ਹੋ ਸਕੇ ਆਪਣੀਆਂ ਖੁਰਾਕਾਂ ਲਓ।

Posted By: Tejinder Thind