ਸਿਡਨੀ (ਏਜੰਸੀਆਂ) : ਆਸਟ੍ਰੇਲੀਆ ਦੀ ਫ਼ੌਜ ਨੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਦੇਸ਼ ਦੇ ਦੱਖਣੀ-ਪੂਰਬੀ ਹਿੱਸੇ ਦੇ ਤੱਟਾਂ 'ਤੇ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਰਾਹਤ ਅਤੇ ਬਚਾਅ ਕਾਰਜ ਦਾ ਮੁੱਖ ਨਿਸ਼ਾਨਾ ਵਿਕਟੋਰੀਆ ਸੂਬੇ ਦੇ ਸਮੁੰਦਰ ਕਿਨਾਰੇ ਸਥਿਤ ਮਲਕੂਟਾ ਇਲਾਕੇ ਵਿਚ ਫਸੇ ਕਰੀਬ ਚਾਰ ਹਜ਼ਾਰ ਲੋਕਾਂ ਅਤੇ ਸੈਲਾਨੀਆਂ ਨੂੰ ਕੱਢਣਾ ਹੈ। ਅੱਗ ਦੀ ਲਪੇਟ ਵਿਚ ਆ ਕੇ ਹੁਣ ਤਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਜਨਾਂ ਲੋਕ ਜ਼ਖ਼ਮੀ ਹਨ। ਲਗਪਗ ਪੰਜ ਸੌ ਘਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।

ਰਾਹਤ ਅਤੇ ਬਚਾਅ ਕਾਰਜ ਤਹਿਤ ਸ਼ੁੱਕਰਵਾਰ ਨੂੰ ਜਲ ਸੈਨਾ ਦੇ ਦੋ ਜਹਾਜ਼ ਮਲਕੂੁਟਾ ਇਲਾਕੇ ਵਿਚ ਉਤਰੇ ਅਤੇ ਇਕ ਹਜ਼ਾਰ ਲੋਕਾਂ ਨੂੰ ਬਾਹਰ ਕੱਢਿਆ। ਦੋਵਾਂ ਜਹਾਜ਼ਾਂ ਨੇ ਸਥਾਨਕ ਨਾਗਰਿਕਾਂ ਅਤੇ ਸੈਲਾਨੀਆਂ ਦੇ ਨਾਲ ਪਾਲਤੂ ਪਸ਼ੂਆਂ ਨੂੰ ਵੀ ਬਾਹਰ ਕੱਢਿਆ। ਇਸ ਦੇ ਇਲਾਵਾ ਹੋਰ ਫ਼ੌਜੀ ਜਹਾਜ਼ ਹੰਗਾਮੀ ਹਾਲਤ ਲਈ ਲਗਾਏ ਰਾਹਤ ਕਾਮਿਆਂ ਨਾਲ ਅਲੱਗ-ਅਲੱਗ ਖੇਤਰਾਂ ਵਿਚ ਰਾਹਤ ਅਤੇ ਬਚਾਅ ਕਾਰਜ ਵਿਚ ਲੱਗੇ ਹਨ। ਸ਼ਨਿਚਰਵਾਰ ਨੂੰ ਫਿਰ ਤੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਜਾਣ ਦੀ ਉਮੀਦ ਹੈ। ਇਸ ਆਫ਼ਤ ਕਾਰਨ ਆਸਟ੍ਰੇਲੀਆ ਦੇ ਸੰਘਣੀ ਆਬਾਦੀ ਵਾਲੇ ਦੱਖਣੀ-ਪੂਰਬੀ ਇਲਾਕੇ ਵਿਚ ਐਮਰਜੈਂਸੀ ਐਲਾਨੀ ਗਈ ਹੈ। ਹਜ਼ਾਰਾਂ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ 300 ਕਿਲੋਮੀਟਰ ਲੰਬੀ ਤੱਟ ਰੇਖਾ ਵੱਲ ਭੱਜਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਨਾਲ ਸਿਡਨੀ ਅਤੇ ਕੈਨਬਰਾ ਦੀ ਤੱਟ ਰੇਖਾ 'ਤੇ ਕਾਰਾਂ ਦਾ ਭਾਰੀ ਰਸ਼ ਦਿਖਾਈ ਦੇ ਰਿਹਾ ਹੈ। ਇਕ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਸਿਰਫ਼ 50 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ ਤਿੰਨ ਘੰਟੇ ਲੱਗੇ।

ਨਿਊ ਸਾਊਥ ਵੇਲਜ਼ ਦੇ ਟਰਾਂਸਪੋਰਟ ਮੰਤਰੀ ਐਂਡਰਿਊ ਕੋਂਸਟੈਂਸ ਨੇ ਇਸ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਰਾਹਤ ਅਤੇ ਬਚਾਅ ਕਾਰਜ ਦੱਸਿਆ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਕਾਰਨ ਉਹ ਬਹੁਤ ਨਾਰਾਜ਼ ਹਨ ਪ੍ਰੰਤੂ ਕੁਦਰਤੀ ਆਫ਼ਤਾਂ ਵਿਚ ਅਜਿਹਾ ਹੁੰਦਾ ਹੈ।