ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਸਾਹਿਤਕ ਸਰਗਰਮੀਆਂ ਦੇ ਧੁਰੇ ਵਜੋਂ ਜਾਣੇ ਜਾਂਦੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ 'ਤਾਸਮਨ' ਮੈਗਜ਼ੀਨ ਲੋਕ ਅਰਪਣ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਉਪਰੰਤ ਸੂਫ਼ੀ ਗਾਇਕ ਹਰਮਨ ਸਿੰਘ ਵੱਲੋਂ ਗ਼ਜ਼ਲਾਂ ਦਾ ਆਗ਼ਾਜ਼ ਕੀਤਾ ਗਿਆ। 'ਤਾਸਮਨ' ਅਦਾਰੇ ਵੱਲੋਂ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਬ੍ਰਿਸਬੇਨ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਰਾਬਤਾ ਰੇਡੀਓ ਤੋਂ ਰੌਬੀ ਬੈਨੀਪਾਲ ਜੀ ਜੋ ਵਿਸ਼ੇਸ਼ ਤੌਰ ਉੱਤੇ ਐਡੀਲੇਡ ਤੋਂ ਸ਼ਾਮਿਲ ਹੋਏ ਉਹਨਾਂ ਸਾਹਿਤ ਦੇ ਖੇਤਰ ਵਿੱਚ ਜ਼ਮੀਨੀ ਪੱਧਰ ਉੱਤੇ ਹੋ ਰਹੇ ਕੰਮਾਂ ਨੂੰ ਪੂਰਾ ਸਮਰਥਨ ਦੇਣ ਤੇ ਤਾਸਮਨ ਨੂੰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿਚ ਭਵਿੱਖ ਦੇ ਚਾਨਣ ਮੁਨਾਰੇ ਵਜੋਂ ਦੱਸਿਆ।

ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਦਿਲਜੀਤ ਸਿੰਘ ਨੇ ਕਿਹਾ ਕਿ ਚੰਗੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣਾ ਸੰਜੀਦਾ ਲੋਕਾਂ ਦਾ ਕੰਮ ਐ ਤੇ ਇਹ ਵੀ ਵਿਚਾਰ ਦਾ ਵਿਸ਼ਾ ਐ ਕਿ ਮਿਆਰੀ ਲਿਖਤਾਂ ਜਾਂ ਹੋਰ ਪੇਸ਼ਕਾਰੀ ਦੇ ਸੋਸ਼ਲ ਮੀਡੀਆ ਉੱਤੇ ਘੱਟ ਚਹੇਤੇ ਕਿਉਂ ਹਨ ? ਲੇਖਕ ਅਮਨਪ੍ਰੀਤ ਭੰਗੂ ਜੀ ਨੇ 'ਤਾਸਮਨ' ਮੈਗਜ਼ੀਨ ਨੂੰ ਵੱਖ ਵੱਖ ਵਿਚਾਰਧਾਰਾਵਾਂ ਦੇ ਸਾਂਝੇ ਮੰਚ ਸੱਦ ਦਿਆਂ ਕਿਹਾ ਕਿ ਇਹ ਵੀ ਇਸ ਦਾ ਨਵੇਕਲਾ ਕੰਮ ਹੈ ਕਿ ਸਥਾਪਿਤ ਲੇਖਕਾਂ ਦੇ ਨਾਲ ਨਾਲ ਨਵਿਆਂ ਲੇਖਕਾਂ ਨੂੰ ਵੀ ਥਾਂ ਦਿੱਤੀ ਜਾ ਰਹੀ ਹੈ।

'ਤਾਸਮਨ' ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਵਲੋਂ ਤਾਸਮਨ ਨਾਲ ਜੁੜੀਆਂ ਸ਼ਖ਼ਸੀਅਤਾਂ ਨਾਲ ਤੁਆਰਫ ਕਰਵਾਇਆ ਅਤੇ ਤਾਸਮਨ ਮੈਨੇਜਰ ਵਰਿੰਦਰ ਅਲੀਸ਼ੇਰ ਨੇ ਇਸਦੀ ਮੈਂਬਰਸ਼ਿਪ ਤੇ ਭਵਿੱਖੀ ਵਿਉਂਤਬੰਦੀ ਬਾਰੇ ਚਾਨਣਾ ਪਾਈ। ਜੱਗਬਾਣੀ ਅਖਬਾਰ ਪੱਤਰਕਾਰ ਸੁਰਿੰਦਰ ਖੁਰਦ ਜੀ ਵੱਲੋਂ ਸਾਹਿਤਕ ਪੱਤ੍ਰਿਕਾ ਦੇ ਸਮਾਜ ਵਿੱਚ ਰੋਲ ਬਾਰੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਕਮਲਪ੍ਰੀਤ ਚਿਮਨੇਵਾਲਾ ਜੀ ਨੇ ਇਤਿਹਾਸ ਦੇ ਪੰਨਿਆਂ ਨੂੰ ਫ਼ਰੋਲਦਿਆਂ 84 ਦੇ ਕਤਲੇਆਮ ਤੇ ਕਿਸਾਨਾਂ ਦੇ ਸਘੰਰਸ਼ ਬਾਰੇ ਚਰਚਾ ਕੀਤੀ। ਇਸ ਉਪਰੰਤ ਗੁਰਪ੍ਰੀਤ ਬਠਿੰਡਾ ਜੀ ਦੀਆਂ ਪੇਂਟਿੰਗ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰੋਗਰਾਮ ਵਿੱਚ ਰੱਬੀ ਤੂਰ, ਪ੍ਰਣਾਮ ਸਿੰਘ ਹੇਅਰ, ਹਰਜਿੰਦਰ ਕੌਰ ਮਾਂਗਟ ਇੰਡੋਜ ਟੀਵੀ, ਪਰਨਾਮ ਹੇਅਰ , ਹਰਜੀਤ ਲਸਾੜਾ ਜੀ , ਪ੍ਰਿੰਸ , ਰਾਜੀਵ ਚੌਹਾਨ, ਮਾਝਾ ਯੂਥ ਕਲੱਬ ਵੱਲੋਂ ਬਲਰਾਜ ਸਿੰਘ ਤੇ ਰਣਜੀਤ ਸਿੰਘ , ਪੰਜਾਬੀ ਵੈਲਫੇਅਰ ਤੋਂ ਜਤਿੰਦਰ ਰਹਿਲ , ਜਗਜੀਤ ਖੋਸਾ ਜੀ , ਅਭਿਸ਼ੇਕ ਭੰਡਾਰੀ, ਮਨ ਖਹਿਰਾ , ਜਤਿੰਦਰ ਸਿੰਘ ,ਅਮਨਦੀਪ , ਨਵਦੀਪ ਸਿੰਘ ਸਿੱਧੂ ਜੀ, ਨਵੀਨ ਪਾਸੀ ਤੇ ਗੁਰਮੁਖ ਭੰਦੋਲ ਆਦਿ ਸਤਿਕਾਰਯੋਗ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ਉੱਤੇ ਪਹੁੰਚੀਆਂ।

"ਤਾਸਮਨ ਅਦਾਰੇ" ਵੱਲੋਂ ਕਵਿਤਾ ਖੁੱਲ਼ਰ ਜੀ ਦੁਆਰਾ ਸਟੇਜ ਦਾ ਸੰਚਾਲਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸਮੂਹ ਸਰੋਤਿਆਂ ਵੱਲੋਂ ਖ਼ੂਬ ਅਨੰਦ ਮਾਣਿਆ ਗਿਆ ਤੇ ਵੱਡੀ ਗਿਣਤੀ ਵਿੱਚ ਤਾਸਮਨ ਮੈਗਜ਼ੀਨ ਲਈ ਸਲਾਨਾ ਮੈਂਬਰ ਵੀ ਬਣੇ। ਇਸ ਪ੍ਰੋਗਰਾਮ ਨੂੰ ਇੰਡੋਜ ਟੀਵੀ ਵੱਲੋਂ ਲਾਈਵ ਚਲਾਇਆ ਵੀ ਗਿਆ ਤੇ ਬਹੁਤ ਸਾਰੇ ਦਰਸ਼ਕਾਂ ਨੂੰ ਇਸ ਪ੍ਰੋਗਰਾਮ ਵਿੱਚ ਕੋਵਿਡ 19 ਦੀਆਂ ਸ਼ਰਤਾਂ ਕਰਕੇ ਪਹੁੰਚਣਾ ਅਸੰਭਵ ਹੋਣ ਕਰਕੇ ਆਨਲਾਈਨ ਹੀ ਦੇਖਣਾ ਪਿਆ। ਤਾਸਮਨ' ਦੀ ਘੁੰਢ ਚੁਕਾਈ ਕਰਦੇ ਹੋਏ ਰੱਬੀ ਤੂਰ, ਪ੍ਰਣਾਮ ਸਿੰਘ ਹੇਅਰ, ਦਿਲਜੀਤ ਸਿੰਘ, ਬ ਲਰਾਜ ਸਿੰਘ, ਅਮਨ ਭੰਗੂ, ਜਸਵੰਤ ਵਾਗਲਾ, ਕਵਿਤਾ ਖੁੱਲਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Posted By: Tejinder Thind