ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਪਿਛਲੇ ਤਿੰਨ ਦਿਨਾਂ ਤੋਂ ਪੰਜਾਬੀਆਂ ਦੇ ਪਿੰਡ ਕਹੇ ਜਾਣ ਵਾਲੇ ਕੌਫਸਹਾਰਬਰ ਵਿਖੇ 34ਵੀਆਂ ਸਲਾਨਾ ਸਿੱਖ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਇਸ ਤਿੰਨ ਦਿਨਾ ਖੇਡ ਮੇਲੇ ’ਚ ਵਾਲੀਬਾਲ, ਸਾਕਰ, ਰੱਸਾਕੱਸੀ ਤੇ ਪੰਜਾਬੀਅਤ ਦੀ ਮਾਂ ਖੇਡ ਕਬੱਡੀ ਦੀਆਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਕਬੱਡੀ ’ਚ ਕਲੱਬਾਂ ਦੇ ਫਸਵੇਂ ਮੁਕਾਬਲੇ ਹੋਏ ਜਿਨ੍ਹਾਂ ’ਚ ਫਾਈਨਲ ਮੈਚ ’ਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੂਲਗੂਲਗਾ ਤੇ ਕਿੰਗਜ਼ ਕਲੱਬ ਮੈਲਬੌਰਨ ਵਿਚਕਾਰ ਹੋਇਆ। ਇਸ ਫਸਵੇਂ ਮੁਕਾਬਲੇ ’ਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੀ ਟੀਮ ਦੇ 29.5 ਅੰਕ ਤੇ ਕਿੰਗਜ਼ ਕਬੱਡੀ ਕਲੱਬ ਮੈਲਬੌਰਨ ਦੇ 18 ਅੰਕ ਨਾਲ ਇਹ ਫ਼ਾਈਨਲ ਮੁਕਾਬਲਾ ਵੂਲਗੂਲਗਾ ਦੀ ਟੀਮ ਨੇ ਜਿੱਤ ਲਿਆ। ਫ਼ਾਈਨਲ ਮੈਚ ਦੇ ਉੱਤਮ ਧਾਵੀ ਸੰਦੀਪ ਸੁਲਤਾਨ ਸ਼ਮਸ਼ਪੁਰ ਨੂੰ ਐਲਾਨਿਆ ਗਿਆ ਅਤੇ ਉੱਤਮ ਜਾਫੀ ਪਾਲਾ ਜਲਾਲਪੁਰ ਤੇ ਘੁੱਦਾ ਕਾਲਾ ਸੰਘਿਆ ਬਣਿਆ।

ਇਸ ਦੌਰਾਨ ਗੋਪਾ ਬੈਸ ਟੀ ਪੁੱਕੀ, ਮਾਨਾ ਆਕਲੈਡ, ਸਤਨਾਮ ਸਿੰਘ ਮੁਲਤਾਨੀ, ਲਾਡੀ ਬਿਜਲੀਵਾਲ, ਪੰਮੀ ਬਲੀਨਾ ਤੇ ਬੱਬਲੂ ਹੈਮਿਲਟਨ ਵੱਲੋਂ ਜ਼ਖ਼ਮੀ ਖਿਡਾਰੀ ਅਤੇ ਜੇਤੂ ਟੀਮ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਫ਼ਾਈਨਲ ਮੈਚ ਦੌਰਾਨ ਇਕ ਖਿਡਾਰੀ ਦੇ ਸੱਟ ਲੱਗ ਗਈ ਅਤੇ ਕੱਬਡੀ ਫੈਡਰੇਸ਼ਨਾਂ ਤੇ ਦਰਸ਼ਕਾਂ ਨੇ ਤੁਰੰਤ ਉਸ ਖਿਡਾਰੀ ਨੂੰ 40 ਹਜ਼ਾਰ 600 ਡਾਲਰ ਦੀ ਮਾਲੀ ਮਦਦ ਕੀਤੀ।

ਬਾਰਿਸ਼ ਵੀ ਨਾ ਘਟਾ ਸਕੀ ਉਤਸ਼ਾਹ

ਸਿੱਖ ਖੇਡਾਂ ਦੌਰਾਨ ਪਿਛਲੇ ਦੋ ਦਿਨਾਂ ਤੋਂ ਬਾਰਿਸ਼ ਪੈ ਰਹੀ ਸੀ ਪਰ ਬਾਰਿਸ਼ ਦੇ ਬਾਵਜੂਦ ਖਿਡਾਰੀਆਂ ਤੇ ਦਰਸ਼ਕਾਂ ਦਾ ਹੌਂਸਲਾ ਘੱਟ ਨਾ ਹੋਇਆ। ਬਾਰਿਸ਼ ਦੌਰਾਨ ਦਰਸ਼ਕਾਂ ਨੇ ਚੱਲਦੀ ਬਾਰਿਸ਼ ’ਚ ਮੈਚ ਦੇਖੇ ਜੋ ਕਿ ਪੰਜਾਬੀਆਂ ਦਾ ਮਾਂ ਖੇਡ ਕਬੱਡੀ ਵਾਰੇ ਪਿਆਰ ਦਰਸਾ ਰਿਹਾ ਸੀ। ਹਜ਼ਾਰਾਂ ਦੀ ਗਿਣਤੀ ’ਚ ਦਰਸ਼ਕਾਂ ਨੇ ਆ ਕੇ 34ਵੀਆਂ ਸਿੱਖ ਖੇਡਾਂ ਦਾ ਆਨੰਦ ਮਾਣਿਆ। ਖੇਡਾਂ ਦੇ ਦੂਸਰੇ ਦਿਨ ਕਰਵਾਏ ਗਏ ਸਿੱਖ ਫਾਰਮ ’ਚ ਸਿੱਖ ਮਸਲਿਆਂ ’ਤੇ ਚਰਚਾ ਕੀਤੀ ਗਈ। 34ਵੀਆਂ ਸਿੱਖ ਖੇਡਾਂ ਦੀ ਸ਼ਾਨਦਾਰ ਸਮਾਪਤੀ ਤੋਂ ਬਾਅਦ ਏਐੱਨਐੱਸਐੱਸਏਸੀਸੀ ਨੈਸ਼ਨਲ ਕਮੇਟੀ ਵੱਲੋਂ ਖੇਡਾਂ ਦਾ ਝੰਡਾ ਏਐਨਐੱਸਐੱਸਏਸੀਸੀ ਕੁਈਨਜ਼ਲੈਂਡ ਨੂੰ ਦਿੱਤਾ ਗਿਆ, ਜਿਸ ਨਾਲ 35ਵੀਆਂ ਸਿੱਖ ਖੇਡਾਂ ਬ੍ਰਿਸਬੇਨ ਵਿਖੇ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਧਾਮੀ, ਵਾਈਸ ਪ੍ਰਧਾਨ ਰੌਕੀ ਭੁੱਲਰ, ਸੈਕਟਰੀ ਜਗਦੀਪ ਭਿੰਡਰ, ਗੁਰਜੀਤ ਸਿੰਘ, ਕਲਚਰਲ ਕੁਆਰਡੀਨੇਟਰ ਰਨਦੀਪ ਜੌਹਲ, ਰਾਸ਼ਟਰੀ ਪ੍ਰਧਾਨ ਸਰਬਜੋਤ ਢਿੱਲੋ, ਰੁਪਿੰਦਰ ਬਰਾਡ਼ (ਪਨਵਿਕ ਗੁਰੱਪ) ਸੈਕਟਰੀ ਪ੍ਰਦੀਪ ਪੈਂਗਲੀ, ਕਲਚਰਲ ਕੁਆਰਡੀਨੇਟਰ ਮਨਜੀਤ ਬੋਪਾਰਾਏ, ਵੁਮੈਨ ਰੀਪਰਸੈਂਟੇਟਿਵ ਪਰਮਵੀਰ ਸੰਘਾ ਕੌਫਸਹਾਰਬਰ ਦੇ ਪ੍ਰਧਾਨ ਗੁਰਦਿਆਲ ਰਾਏ ਅਤੇ ਕਬੱਡੀ ਕੁਆਰਡੀਨੇਟਰ ਸ਼ਾਬੀ ਘੁੰਮਣ ਆਦਿ ਮੌਜੂਦ ਸਨ।

Posted By: Tejinder Thind