ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਆਸਟਰੇਲੀਆ ਦੇ ਪੰਜਾਬੀ ਸਾਹਿਤ ਦੀ ਜਦ ਵੀ ਸਾਹਿਤਕ ਹਲਕਿਆਂ ਵਿਚ ਚਰਚਾ ਛਿੜਦੀ ਹੈ ਤਾਂ ਸਿਰਫ ਦੋ ਹੀ ਨਾਮ ਗੰਭੀਰ ਪਾਠਕਾਂ ਅਤੇ ਲੇਖਕਾਂ ਦੇ ਜ਼ਿਹਨ ਵਿਚ ਆਉਂਦੇ ਹਨ, ਇਕ ਗ੍ਰਿਫ਼ਥ ਰਹਿੰਦੇ ਅਜੀਤ ਰਾਹੀ ਜੀ ਦਾ ਤੇ ਦੂਸਰਾ ਸਿਡਨੀ ਰਹਿਣ ਵਾਲੇ ਐੱਸ ਸਾਕੀ ਦਾ। ਅਜੇ ਕੁਝ ਹੀ ਮਹੀਨੇ ਪਹਿਲਾਂ ਅਜੀਤ ਰਾਹੀ 82 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ ਸਨ। ਹੁਣ 87 ਸਾਲ ਦੀ ਉਮਰ ਵਿਚ ਐੱਸ ਸਾਕੀ ਹੁਰਾਂ ਦੇ ਤੁਰ ਜਾਣ ਪੰਜਾਬੀ ਸਾਹਿਤ ਨੂੰ ਬਹੁਤ ਗਹਿਰਾ ਘਾਟਾ ਪਿਆ ਹੈ। ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਐੱਸ ਸਾਕੀ ਨੇ ਪੰਜਾਬੀ ਸਹਿਤ ਦੀ ਝੋਲੀ ਵਿਚ ਬਹੁਰੂਪੀਆ (ਕਹਾਣੀ ਸੰਗ੍ਰਹਿ) ਪਹਿਲਾ ਦਿਨ (ਕਹਾਣੀ ਸੰਗ੍ਰਹਿ) ਨਾਨਕ ਦੁਖੀਆ ਸਭ ਸੰਸਾਰ (ਕਹਾਣੀ ਸੰਗ੍ਰਹਿ) ਵੱਡਾ ਆਦਮੀ (ਨਾਵਲ) ਛੋਟਾ ਸਿੰਘ (ਪਨਾਵਲ) ਨਿਕਰਮੀ (ਨਾਵਲ) ਮੇਲੋ (ਨਾਵਲ) ਭੱਖੜੇ (ਨਾਵਲ) ਰੰਡੀ ਦੀ ਧੀ (ਨਾਵਲ) ਮੋਹਨ ਲਾਲ ਸੋ ਗਿਆ (ਕਹਾਣੀ ਸੰਗ੍ਰਹਿ) ਦੁਰਗਤੀ (ਕਹਾਣੀ ਸੰਗ੍ਰਹਿ) ਨੰਗੀਆਂ ਲੱਤਾਂ ਵਾਲਾ ਮੁੰਡਾ (ਕਹਾਣੀ ਸੰਗ੍ਰਹਿ) ਇਹ ਇੱਕ ਕੁੜੀ (ਨਾਵਲ) ਦੇਵੀ ਦੇਖਦੀ ਸੀ (ਕਹਾਣੀ ਸੰਗ੍ਰਹਿ) ਕਰਮਾਂ ਵਾਲੀ (ਕਹਾਣੀ ਸੰਗ੍ਰਹਿ) ਬਾਪੂ ਦੀ ਚਰਖਾ (ਕਹਾਣੀ ਸੰਗ੍ਰਹਿ) ਅੱਜ ਦਾ ਅਰਜਨ (ਨਾਵਲ) ਰਖੇਲ (ਨਾਵਲ) ਮੁੜ ਨਰਕ (ਕਹਾਣੀ ਸੰਗ੍ਰਹਿ) ਇਕੱਤੀ ਕਹਾਣੀਆਂ (ਕਹਾਣੀ ਸੰਗ੍ਰਹਿ) ਹਮ ਚਾਕਰ ਗੋਬਿੰਦ ਕੇ (ਨਾਵਲ) ਸ਼ੇਰਨੀ (ਨਾਵਲ) ਬੇਗਮ (ਨਾਵਲ) ਦੋ ਬਲਦੇ ਸਿਵੇ (ਕਹਾਣੀ ਸੰਗ੍ਰਹਿ) ਮੰਗਤੇ (ਕਹਾਣੀ ਸੰਗ੍ਰਹਿ) ਖਾਲ਼ੀਂ ਕਮਰਾ ਨੰਬਰ ਬਿਆਸੀ (ਕਹਾਣੀ ਸੰਗ੍ਰਹਿ) ਇੱਕ ਤਾਰਾ ਚਮਕਿਆ (ਕਹਾਣੀ ਸੰਗ੍ਰਹਿ) ਬੇਦਖ਼ਲ (ਨਾਵਲ) ਇੱਕ ਬਟਾ ਦੋ ਆਦਮੀ (ਕਹਾਣੀ ਸੰਗ੍ਰਹਿ) ਐਸ ਸਾਕੀ ਦੀਆਂ ਕਹਾਣੀਆਂ (ਐੱਮ ਫਿਲ- ਡਾ: ਬਲਜੀਤ ਕੌਰ) ਆਦਿ 30 ਤੋਂ ਜ਼ਿਆਦਾ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਐੱਸ ਸਾਕੀ ਹੁਰੀਂ ਕਾਫ਼ੀ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦਾ ਜਨਮ ਪੰਜਾਬ ਦੇ ਸ਼ਹਿਰ ਪਟਿਆਲ਼ਾ ਦਾ ਸੀ, ਉਹ ਕਾਫ਼ੀ ਸਮਾਂ ਦਿੱਲੀ ਵਿਖੇ ਰਹੇ ਅਤੇ ਹੁਣ ਪਰਿਵਾਰ ਸਮੇਤ ਆਸਟਰੇਲੀਆ ਦੇ ਸ਼ਹਿਰ ਸਿਡਨੀ ਦੇ ਵਸਨੀਕ ਬਣ ਗਏ ਸਨ। ਐਸ ਸਾਕੀ ਨੂੰ ਉਸ ਦੇ ਕਹਾਣੀ ਸੰਗ੍ਰਹਿ ‘ਨਾਨਕ ਦੁਖੀਆ ਸਭ ਸੰਸਾਰ’ ਲਈ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਸਨਮਾਨ ਦਿਤਾ ਗਿਆ ਸੀ। ਨਾਵਲ ਵੱਡਾ ਆਦਮੀ ਲਈ ਪੰਜਾਬੀ ਸਾਹਿਤ ਸਭਾ ਲੰਡਨ ਦਾ ਬਾਬਾ ਸ਼ੇਖ ਫਰੀਦ ਪੁਰਸਕਾਰ, ਪੰਜਾਬੀ ਸਾਹਿਤ ਟਰੱਸਟ ਢੁਡੀਕੇ ਦਾ ਬਲਰਾਜ ਸਾਹਨੀ ਪੁਰਸਕਾਰ, ਪੰਜਾਬੀ ਸਾਹਿਤ ਕਲਾ ਸੰਗਮ ਦਿੱਲੀ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਆਦਿ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਪੰਜਾਬੀ ਅਕਾਦਮੀ, ਦਿੱਲੀ ਵੱਲੋਂ 2010 ਦਾ ‘ਗਲਪ ਪੁਰਸਕਾਰ’ ਆਪ ਦੀ ਪੁਸਤਕ ‘ਮੋਹਨ ਲਾਲ ਸੋ ਗਿਆ’ ਨੂੰ ਦਿੱਤਾ ਗਿਆ, ਜਿਸ ਵਿੱਚ ਪੰਜਾਹ ਹਜ਼ਾਰ ਰੁਪਏ ਨਕਦ, ਅਕਾਦਮੀ ਦਾ ਸਨਮਾਨ ਪੱਤਰ ਤੇ ਸ਼ਾਲ ਭੇਟ ਕੀਤਾ ਗਿਆ ਸੀ। ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਦੇ ਸਰਪ੍ਰਸਤ ਜਰਨੈਲ ਬਾਸੀ, ਪ੍ਰਧਾਨ ਦਲਵੀਰ ਹਲਵਾਰਵੀ, ਮਨਜੀਤ ਬੋਪਾਰਾਏ, ਸਤਵਿੰਦਰ ਟੀਨੂੰ, ਪਾਲ ਰਾਊਕੇ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਸੁਰਜੀਤ ਸੰਧੂ, ਆਤਮਾ ਹੇਅਰ, ਦੀਪਇੰਦਰ ਸਿੰਘ, ਰਘਬੀਰ ਸਰਾਏ ਆਦਿ ਪ੍ਰਮੁੱਖ ਮੈਂਬਰਾਂ ਨੇ ਐੱਸ ਸਾਕੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ, ਇਸ ਨੂੰ ਪੰਜਾਬੀ ਸਾਹਿਤ ਲਈ ਬਹੁਤ ਵੱਡਾ ਘਾਟਾ ਕਿਹਾ।

Posted By: Tejinder Thind