ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਗੀਤਕਾਰ ਭਿੰਦਰ ਡੱਬਵਾਲੀ ਦਾ ਰੂ ਬੂ ਰੂ ਅਤੇ ਸਨਮਾਨ ਸਮਾਰੋਹ ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਸਥਾਨਿਕ ਲੇਖਕਾਂ ਅਤੇ ਬਾਹਰੋਂ ਆਏ ਹੋਏ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਜਿਸ ਵਿਚ ਉਹਨਾਂ ਨੇ ਸੱਤ ਸਾਲਾਂ ਦੇ ਸ਼ਾਨਦਾਰ ਸਫਰ ਵਿਚ ਇਪਸਾ ਦੀਆਂ ਸਰਗਰਮੀਆਂ, ਪ੍ਰਾਪਤੀਆਂ ਅਤੇ ਪਰਿਵਾਰਕ ਕਾਰਜ ਸ਼ੈਲੀ ਬਾਰੇ ਵਿਚਾਰ ਪੇਸ਼ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਸਮਾਗਮ ਦੇ ਪਹਿਲੇ ਭਾਗ ਵਿਚ ਸਟੇਜ ਸੰਚਾਲਨ ਕਰਦਿਆਂ ਸੰਸਥਾ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਕਵੀ ਦਰਬਾਰ ਦਾ ਆਗਾਜ਼ ਕੀਤਾ। ਇਸ ਵਿਚ ਗੀਤਕਾਰ ਸੁਰਜੀਤ ਸੰਧੂ, ਸਰਬਜੀਤ ਸੋਹੀ, ਹਰਜੀਤ ਕੌਰ ਸੰਧੂ, ਪਾਲ ਰਾਊਕੇ, ਸੈਮੀ ਸਿਧੂ, ਇਕਬਾਲ ਸਿੰਘ ਧਾਮੀ, ਰੁਪਿੰਦਰ ਸੋਜ਼, ਬਾਲ ਬੁਲਾਰੇ ਸੁਖਮਨ ਸੰਧੂ ਅਤੇ ਅਸ਼ਮੀਤ ਸੰਧੂ, ਤਜਿੰਦਰ ਭੰਗੂ, ਦਲਵੀਰ ਹਲਵਾਰਵੀ ਆਦਿ ਕਲਮਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਸਮਾਗਮ ਦੇ ਦੂਸਰੇ ਭਾਗ ਵਿਚ ਸਰਬਜੀਤ ਸੋਹੀ ਨੇ ਗੀਤਕਾਰ ਨਿਰਮਲ ਦਿਓਲ ਦੀ ਵਾਰਤਕ ਪੁਸਤਕ ‘ਚਾਰ ਕੁ ਅੱਖ਼ਰ’ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਨਿਰਮਲ ਦਿਓਲ ਦੀ ਲੇਖਣ ਸ਼ੈਲੀ ਅਤੇ ਵਿਚਾਰਧਾਰਕ ਦ੍ਰਿਸ਼ਟੀਕੋਣ ਬਾਰੇ ਗੱਲ-ਬਾਤ ਕੀਤੀ। ਰੁਪਿੰਦਰ ਸੋਜ਼ ਨੇ ਕਨੇਡੀਅਨ ਪੰਜਾਬੀ ਗ਼ਜ਼ਲਗੋ ਇੰਦਰਜੀਤ ਧਾਮੀ ਦੀ ਰਿਲੀਜ ਹੋ ਰਹੀ ਕਿਤਾਬ ‘ਅਹਿਸਾਸ ਦੇ ਜੰਗਲ’ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਇੰਡੀਆ ਤੋਂ ਆਏ ਰਿਟਾ: ਬਲਾਕ ਐਜੂਕੇਸ਼ਨ ਅਫ਼ਸਰ ਅਤੇ ਆਪ ਆਗੂ ਸ਼ਿਵ ਸਿੰਘ ਬੁੱਟਰ ਨੇ ਆਪਣੇ ਸ਼ਬਦਾਂ ਵਿਚ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪਰਵਾਸ ਵਿਚ ਅਰਥਪੂਰਨ ਅਤੇ ਦਿਸ਼ਾਪੂਰਨ ਉਪਰਾਲਿਆਂ ਦਾ ਨਾਮ ਦਿੱਤਾ। ਪੱਤਰਕਾਰ ਅਤੇ ਲੇਖਕ ਯਸਪਾਲ ਗੁਲਾਟੀ ਜੀ ਨੇ ਆਪਣੀ ਮਿੰਨੀ ਕਹਾਣੀ ਸਟੇਜ ਸੁਣਾ ਕੇ ਸਰੋਤਿਆਂ ਨੂੰ ਪੱਤਰਕਾਰੀ ਦੇ ਖੇਤਰ ਦੀ ਮੁਸ਼ਕਲਾਂ ਅਤੇ ਮਿਆਰ ਬਾਰੇ ਜਾਗ੍ਰਿਤ ਕੀਤਾ। ਸੰਸਥਾ ਦੇ ਸੀਨੀਅਰ ਮੈਂਬਰ ਅਤੇ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਨੇ ਆਏ ਹੋਏ ਸਰੋਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਸਟਰੇਲੀਆ ਵਿਚ ਪੰਜਾਬੀ ਭਾਸ਼ਾ ਅਤੇ ਭਾਈਚਾਰੇ ਬਾਰੇ ਆਪਣੇ ਵਿਚਾਰ ਰੱਖੇ। ਅੰਤ ਵਿਚ ਸਮਾਗਮ ਦੇ ਮੁੱਖ ਮਹਿਮਾਨ ਭਿੰਦਰ ਡੱਬਵਾਲੀ ਨੇ ਆਪਣੇ ਗੀਤਕਾਰੀ ਦੇ ਸਫ਼ਰ ਅਤੇ ਆਸਟਰੇਲੀਆ ਵਿਚ ਆਪਣੇ ਤਜਰਬਿਆਂ ਬਾਰੇ ਗੱਲ-ਬਾਤ ਕੀਤੀ। ਉਹਨਾਂ ਨੇ ਬਹੁਤ ਸਾਰੇ ਗੀਤ ਸਟੇਜ ਤੇ ਆਪ ਸੁਣਾ ਕੇ ਮਾਹੌਲ ਨੂੰ ਰੌਚਿਕ ਬਣਾ ਜਿੱਤਾਂ ਉਹਨਾਂ ਦਾ ਤੁਆਰਫ਼ ਕਰਵਾਉਂਦਿਆਂ ਇਪਸਾ ਦੇ ਸੀਨੀਅਰ ਮੈਂਬਰ, ਸਪੋਕਸਮੈਨ ਅਤੇ ਜਸਟਿਸ ਆਫ਼ ਪੀਸ ਦਲਵੀਰ ਹਲਵਾਰਵੀ ਜੀ ਨੇ ਭਿੰਦਰ ਡੱਬਵਾਲੀ ਦੇ ਗੀਤਕਾਰੀ ਦੇ ਸਫ਼ਰ ਅਤੇ ਨਿੱਜੀ ਜੀਵਨ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਗੀਤਕਾਰ ਭਿੰਦਰ ਡੱਬਵਾਲੀ ਨੇ ਆਸਟਰੇਲੀਆ ਦੇ ਪੰਜਾਬੀ ਭਾਈਚਾਰੇ ਅਤੇ ਇਪਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਵਾਸ ਵਿਚਲਾ ਪੰਜਾਬ ਜਿਉਂਦਾ ਜਾਗਦਾ ਅਤੇ ਜੜਾਂ ਨਾਲ ਜੁੜਿਆ ਹੋਇਆ ਹੈ। ਸਮਾਗਮ ਵਿਚ ਪਿਛਲੇ ਦਿਨੀੰ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ ਨਾਮਵਰ ਗਾਇਕ ਸਿਧੂ ਮੂਸੇ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਭੰਗੜਾ ਕੋਚ ਚਰਨਜੀਤ ਕਾਹਲੋਂ, ਗੀਤਕਾਰ ਜੱਗਾ ਬਰਾੜ, ਹਰਬੰਸ ਕਾਨੂੰਗੋ, ਦਵਿੰਦਰ ਕੰਡਾ, ਗੁਰਪ੍ਰੀਤ ਸ਼ੇਖੋ, ਸਤਨਾਮ ਸਿੰਘ ਬਾਸੀ, ਗੁਰਵਿੰਦਰ ਖੱਟੜਾ, ਸ਼ਮਸ਼ੇਰ ਸਿੰਘ ਚੀਮਾ, ਸੁਖਮੰਦਰ ਸੰਧੂ, ਕਮਲਦੀਪ ਸਿੰਘ ਬਾਜਵਾ, ਗੁਰਜੀਤ ਸਿੰਘ ਬਾਰੀਆ, ਬਿਕਰਮਜੀਤ ਸਿੰਘ ਚੰਦੀ, ਪੁਸ਼ਪਿੰਦਰ ਤੂਰ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਨੇ ਬਾਖੂਬੀ ਨਿਭਾਈ।

Posted By: Tejinder Thind