ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਬਲੱਡ ਟੈਸਟ ਦਾ ਅਜਿਹਾ ਤਰੀਕਾ ਈਜਾਦ ਕੀਤਾ ਹੈ, ਜਿਸ ਨਾਲ ਸਿਰਫ 20 ਮਿੰਟ 'ਚ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਇਆ ਜਾ ਸਕਦਾ ਹੈ। ਇਸ ਦੀ ਮਦਦ ਨਾਲ ਜਾਂਚ ਦੀ ਰਫ਼ਤਾਰ ਨੂੰ ਤੇਜ਼ ਕਰਨ ਤੇ ਇਨਫੈਕਸ਼ਨ ਰੋਕਣ 'ਚ ਮਦਦ ਮਿਲਣ ਦੀ ਉਮੀਦ ਹੈ। ਇਸ ਜਾਂਚ 'ਚ ਕੋਵਿਡ-19 ਮਹਾਮਾਰੀ ਦਾ ਕਾਰਨ ਬਣਨ ਵਾਲੇ ਕੋਰੋਨਾ ਵਾਇਰਸ ਖ਼ਿਲਾਫ਼ ਸਰੀਰ 'ਚ ਬਣਨ ਵਾਲੇ ਐਂਟੀਬਾਡੀ ਦੀ ਪਛਾਣ ਕੀਤੀ ਜਾਂਦੀ ਹੈ।

ਖੋਜ ਮੁਤਾਬਕ ਵਿਗਿਆਨੀਆਂ ਨੇ ਪਲਾਜ਼ਮਾ ਦੀ ਬਹੁਤ ਥੋੜ੍ਹੀ ਮਾਤਰਾ 'ਚ ਹੀ ਵਾਇਰਸ ਦੀ ਪਛਾਣ 'ਚ ਕਾਮਯਾਬੀ ਹਾਸਲ ਕੀਤੀ। ਵਿਗਿਆਨੀਆਂ ਨੇ ਦੱਸਿਆ ਕਿ ਕੋਰੋਨਾ ਦਾ ਇਨਫੈਕਸ਼ਨ ਲਾਲ ਖ਼ੂਨ ਸੈੱਲ 'ਚ ਕੁਝ ਗੁੱਛੇ ਵਰਗੀ ਸੰਰਚਨਾ ਬਣਾ ਦਿੰਦਾ ਹੈ। ਇਨ੍ਹਾਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। 20 ਮਿੰਟ 'ਚ ਵਿਗਿਆਨੀ ਪਾਜ਼ੇਟਿਵ ਜਾਂ ਨੈਗੇਟਿਵ ਦਾ ਪਤਾ ਲਗਾ ਸਕਦੇ ਹਨ। ਮੌਜੂਦਾ ਪੀਸੀਆਰ ਟੈਸਟ 'ਚ ਉਨ੍ਹਾਂ ਮਰੀਜ਼ਾਂ ਦਾ ਪਤਾ ਲੱਗਦਾ ਹੈ, ਜੋ ਇਨਫੈਕਟਿਡ ਹਨ। ਉਥੇ, ਇਸ ਨਵੇਂ ਬਲੱਡ ਟੈਸਟ ਨਾਲ ਉਨ੍ਹਾਂ ਲੋਕਾਂ ਦੀ ਵੀ ਪਛਾਣ ਸੰਭਵ ਹੈ, ਜੋ ਇਨਫੈਕਟਿਡ ਹੋ ਕੇ ਠੀਕ ਹੋ ਚੁੱਕੇ ਹਨ। ਇਸ ਦੀ ਮਦਦ ਨਾਲ ਟੀਕਾਕਰਨ ਤੋਂ ਬਾਅਦ ਸਰੀਰ 'ਚ ਬਣਨ ਵਾਲੇ ਐਂਟੀਬਾਡੀ ਦੀ ਪਛਾਣ ਵੀ ਸੰਭਵ ਹੈ।

ਵਿਗਿਆਨੀਆਂ ਨੇ ਕਿਹਾ ਕਿ ਇਹ ਜਾਂਚ ਏਨੀ ਸੌਖੀ ਹੈ ਕਿ ਸਾਧਾਰਨ ਮੈਡੀਕਲ ਪ੍ਰਰੈਕਟੀਸ਼ਨਰ ਇਕ ਘੰਟੇ 'ਚ 200 ਜਾਂਚ ਕਰ ਸਕਣਗੇ। ਬਿਹਤਰ ਸਹੂਲਤ ਵਾਲੇ ਹਸਪਤਾਲ ਇਕ ਘੰਟੇ 'ਚ 700 ਤੋਂ ਜ਼ਿਆਦਾ ਜਾਂਚ ਕਰਨ 'ਚ ਸਮਰੱਥ ਹੋ ਸਕਦੇ ਹਨ। ਇਸ ਦੀ ਮਦਦ ਨਾਲ ਜਾਂਚ ਤੇਜ਼ ਕਰਨ ਤੇ ਕੰਟੈਕਟ ਟ੍ਰੇਸਿੰਗ 'ਚ ਮਦਦ ਮਿਲੇਗੀ। ਇਸ ਨਾਲ ਕਲੀਨਿਕਲ ਟਰਾਇਲ ਦੌਰਾਨ ਵੈਕਸੀਨ ਦੇ ਪ੍ਰਭਾਵ ਦਾ ਲਾਉਣਾ ਵੀ ਸੰਭਵ ਹੋ ਸਕੇਗਾ। ਖੋਜਕਰਤਾਵਾਂ ਨੇ ਇਸ ਦੇ ਪੇਟੈਂਟ ਲਈ ਬਿਨੈ ਕੀਤਾ ਹੈ। ਜ਼ਰੂਰੀ ਮਨਜ਼ੂਰੀਆਂ ਤੋਂ ਬਾਅਦ ਇਸ ਦਾ ਕਾਰੋਬਾਰੀ ਪੱਧਰ 'ਤੇ ਉਤਪਾਦਨ ਕੀਤਾ ਜਾਵੇਗਾ।