ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਦੇਸੀ ਰੌਕਸ ਵਲੋਂ ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ‘ਚ ਨਵੀਂ ਅਤੇ ਵਿਲੱਖਣ ਸੋਚ ਨਾਲ ਨੌਜਵਾਨੀ ਵਿੱਚ ਭਾਈਚਾਰਕ ਏਕਤਾ ਤੇ ਪਿਆਰ ਦਾ ਰੰਗ ਭਰਨ ਲਈ ‘ਰੋਮਾ ਸਟਰੀਟ ਪਾਰਕਲੈਂਡ’ ਵਿਖੇ ‘ਇੰਡੀਅਨ ਯੂਥ ਫੈਸਟੀਵਲ 2021’ ਦਾ ਆਯੋਜਨ ਅਮੈਰੀਕਨ ਕਾਲਜ, ਗਾਮਾ ਕੈਫੇ ਤੇ ਐਜੂਕੇਸ਼ਨ ਅੰਬੈਂਸੀ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨੋਂ-ਸ਼ੌਂਕਤ ਨਾਲ ਕੀਤਾ ਗਿਆ। ਇਹ ਜਾਣਕਾਰੀ ਮੇਲੇ ਦੇ ਮੁੱਖ ਪ੍ਰਬੰਧਕ ਮਨਮੋਹਨ ਸਿੰਘ, ਗੁਰਪ੍ਰੀਤ ਬਰਾੜ, ਹਰਜਿੰਦਰ ਕੌਰ ਮਾਂਗਟ, ਰਾਜਗੁਰੂ ਅਤੇ ਰੀਨਾ ਅਗਸਟੀਨ ਨੇ ਸਥਾਨਕ ਮੀਡੀਏ ਨਾਲ ਸਾਝੀ ਕਰਦਿਆਂ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਦਰਸ਼ਕਾਂ ਨੂੰ ਹਰ ਭਾਰਤੀ ਰੰਗ ਵੇਖਣ ਅਤੇ ਮਾਨਣ ਦਾ ਮੌਕਾ ਮਿਲਿਆ, ਜਿਵੇਂ ਕਿ ਗੀਤ-ਸੰਗੀਤ, ਗਿੱਧਾ-ਭੰਗੜਾ, ਨਾਚ, ਸਕਿੱਟਾਂ, ਭੋਜਨ-ਸਟਾਲ, ਬੱਚਿਆਂ ਦੀਆਂ ਵੰਨਗੀਆਂ ਅਤੇ ਜਿਸ ‘ਚ ਖਾਸ ਤੋਰ 'ਤੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਤੇ ਕਲਾਕ੍ਰਿਤੀਆਂ ਵਿਸ਼ੇਸ਼ ਤੋਰ ਤੇ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਵੱਖ-ਵੱਖ ਰਾਜਾਂ ਅਤੇ ਪੰਜਾਬੀ ਕਲਾਕਾਰਾਂ ਵਲੋਂ ਸਮਾਗਮ ਦੌਰਾਨ ਆਪਣੀਆਂ ਖੂਬਸੂਰਤ ਵੰਨਗੀਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ।ਇਸ ਮੌਕੇ ਮੁੱਖ ਮਹਿਮਾਨ ਅਮੈਡਾ ਸਟੋਕਰ ਫੈਡਰਲ ਮਨਿਸਟਰ ਤੇ ਡਾ. ਬਰਨਾਰਡ ਮਲਿਕ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੋਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਕਾਰਨ ਲੋਕਾਂ ਦੀ ਜਿੰਦਗੀ ਤਣਾਅ ਭਰਪੂਰ ਸੀ, ਅਜਿਹੇ ਮੇਲੇ ਖੁਸ਼ੀਆਂ ਖੇੜੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦੇ ਹਨ। ਡਾ਼ ਬਰਨਾਰਡ ਮਲਿਕ ਨੇ ਅੱਗੇ ਕਿਹਾ ਕਿ ਭਾਰਤ ਦੀ ਵਿਰਾਸਤ ਵਿਲੱਖਣ ਰੰਗਾਂ ਅਤੇ ਅਮੀਰ ਕਦਰਾਂ-ਕੀਮਤਾਂ, ਰਵਾਇਤਾਂ ਨਾਲ ਭਰੀ ਹੋਈ ਹੈ, ਜੋ ਸਮਾਜ ਨੂੰ ਅਨੇਕਤਾ ਤੋਂ ਏਕਤਾ ਦੀ ਸਾਂਝ ਤੇ ਪਿਆਰ ਪੈਦਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਭਾਰਤ ਦੀ ਨੌਜਵਾਨੀ ਨੂੰ ਇੱਕ ਵੱਡੇ ਮੰਚ 'ਤੇ ਇਕੱਠੇ ਕਰਨ ਨਾਲ ਇਸ ਯੁਵਕ ਮੇਲੇ ਵਿੱਚ ਮਨੋਰੰਜਨ ਅਤੇ ਸੱਭਿਆਚਾਰ ਦਾ ਸੁਮੇਲ ਹੋਇਆ ਹੈ, ਵਿਦੇਸ਼ਾਂ ‘ਚ ਆਪਣੇ ਅਮੀਰ ਭਾਰਤੀ ਅਤੇ ਪੰਜਾਬੀ ਵਿਰਸੇ ਦੀ ਵਿਲੱਖਣ ਹੋਂਦ ਨੂੰ ਕਾਇਮ ਰੱਖਣ ਲਈ ਅਜਿਹੇ ਸੱਭਿਆਚਾਰਕ ਮੇਲਿਆ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ।ਇਸ ਮੌਕੇ ਡਾ਼ ਬਰਨਾਰਡ ਮਲਿਕ, ਦਮਨ ਮਲਿਕ, ਕ੍ਰਿਸਟੋਫਰ ਮਲਿਕ, ਮਨਮੋਹਨ ਸਿੰਘ, ਰਾਜਗੁਰੂ, ਗੁਰਪ੍ਰੀਤ ਬਰਾੜ, ਹਰਜਿੰਦ ਕੌਰ ਮਾਂਗਟ, ਅਤੇ ਰੀਨਾ ਅਗਸਟੀਨ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।ਮੰਚ ਸੰਚਾਲਨ ਦੀ ਭੂਮਿਕਾ ਨੀਰਜ ਪੋਪਲੀ ਵਲੋਂ ਬਾਖੂਬੀ ਨਿਭਾਈ ਗਈ।

Posted By: Tejinder Thind