ਬਿ੍ਸਬੇਨ (ਏਐੱਨਆਈ) : ਭਾਰਤਵੰਸ਼ੀ ਪ੍ਰੋਫੈਸਰ ਨੀਨਾ ਮਿੱਤਰ ਨੂੰ ਉਨ੍ਹਾਂ ਦੇ ਸ਼ਾਨਦਾਰ ਸ਼ੋਧ ਲਈ 2019 ਦਾ ਇੰਡੀਆ ਆਸਟ੍ਰੇਲੀਆ ਬਿਜ਼ਨਸ ਐਂਡ ਕਮਿਊਨਿਟੀ ਐਵਾਰਡਸ (ਆਈਏਬੀਸੀਏ) ਦਿੱਤਾ ਗਿਆ। ਆਸਟ੍ਰੇਲੀਆ ਦੇ ਕਵੀਨਜ਼ਲੈਂਡ ਯੂਨੀਵਰਸਿਟੀ 'ਚ ਸੈਂਟਰ ਫਾਰ ਹਾਰਟੀਕਲਚਰਲ ਸਟਡੀਜ਼ ਦੀ ਨਿਰਦੇਸ਼ਕ ਨੀਨਾ ਨੂੰ ਇਹ ਪੁਰਸਕਾਰ ਆਸਟ੍ਰੇਲੀਆ ਭਾਰਤ ਵਿਗਿਆਨ, ਖੋਜ ਤੇ ਵਿਕਾਸ ਸ਼੍ਰੇਣੀ 'ਚ ਬੀਤੇ 11 ਅਕਤੂਬਰ ਨੂੰ ਦਿੱਤਾ ਗਿਆ। ਉਨ੍ਹਾਂ ਦਾ ਸ਼ੋਧ ਐਵੋਕਾਡੋ ਫਲ ਦੀ ਉਤਪਾਦਕਤਾ ਲਈ ਕਾਫ਼ੀ ਉਪਯੋਗੀ ਸਾਬਿਤ ਹੋਇਆ ਹੈ।

ਨੀਨਾ ਪਿਛਲੇ 20 ਸਾਲਾਂ ਤੋਂ ਮੋਲੀਕਿਊਲਰ ਬਾਇਓਲਾਜੀ ਤੇ ਜੈਵ ਤਕਨੀਕੀ ਖੇਤਰ 'ਚ ਸ਼ੋਧ ਕਰ ਰਹੀ ਹੈ। ਉਨ੍ਹਾਂ ਨੇ ਬਾਇਓਕਲੇ ਨਾਂ ਦਾ ਇਕ ਵਿਸ਼ੇਸ਼ ਸਪ੍ਰੇਅ ਬਣਾਉਣ 'ਚ ਵੀ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ ਹੈ। ਬਾਇਓਕਲੇ ਦੇ ਇਸਤੇਮਾਲ ਨਾਲ ਫਸਲਾਂ ਨੂੰ ਕੀੜਿਆਂ ਤੋਂ ਬਚਾਉਣ 'ਚ ਸਫਲਤਾ ਪ੍ਰਾਪਤ ਹੋਈ ਹੈ। ਪ੍ਰੋਫੈਸਰ ਨੀਨਾ ਨੇ ਇਕ ਅਜਿਹੀ ਟਿਸ਼ੂ ਕਲਚਰ ਪ੍ਰਣਾਲੀ ਦੀ ਖੋਜ ਕੀਤੀ ਹੈ ਜਿਸ ਨਾਲ ਰਵਾਇਤੀ ਤਰੀਕੇ ਦੀ ਤੁਲਨਾ 'ਚ ਪੰਜ ਸੌ ਗੁਣਾ ਜ਼ਿਆਦਾ ਐਵੋਕਾਡੋ ਦੇ ਬੂਟੇ ਤਿਆਰ ਕੀਤੇ ਜਾ ਸਕਦੇ ਹਨ। ਨਵੀਂ ਤਕਨੀਕ ਦੇ ਇਸਤੇਮਾਲ ਨਾਲ ਦੁਨੀਆ ਭਰ 'ਚ ਐਵੋਕਾਡੋ ਫਲ ਦੇ ਉਤਪਾਦਨ 'ਚ ਕਾਫ਼ੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ।