ਸਿਡਨੀ- ਸਰਕਾਰ ਤੇ ਸੋਸ਼ਲ ਮੀਡੀਆ ਦੇ ਮਹਾਰਥੀਆਂ ’ਚ ਕੰਟੈਂਟ ਭੁਗਤਾਨ ਨੂੰ ਲੈ ਕੇ ਚੱਲ ਰਹੇ ਮੁੱਦੇ ਦਾ ਅਸਰ ਵੀਰਵਾਰ ਨੂੰ ਆਸਟ੍ਰੇਲੀਆਈ ਨਾਗਰਿਕਾਂ ’ਤੇ ਦੇਖਣ ਨੂੰ ਮਿਲਿਆ। ਲੋਕਾਂ ਨੇ ਜਦੋਂ ਆਪਣਾ ਫੇਸਬੁੱਕ ਪੇਜ ਖੋਲ੍ਹਿਆ ਤਾਂ ਨਿਊਜ਼ ਕੰਟੈਂਟ ਦੀ ਕੋਈ ਵੀ ਪੋਸਟ ਦੇਖਣ ਨੂੰ ਨਹੀਂ ਮਿਲੀ। ਇਹੀ ਨਹੀਂ ਫੇਸਬੁੱਕ ਨੇ ਆਸਟ੍ਰੇਲੀਆ ’ਚ ਆਪਣੇ ਹੋਮ ਪੇਜ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਫੇਸਬੁੱਕ ਦੇ ਇਸ ਕਦਮ ਨਾਲ ਐਮਰਜੈਂਸੀ ਸੇਵਾਵਾਂ ’ਤੇ ਬਹੁਤ ਮਾੜਾ ਅਸਰ ਪਿਆ ਹੈ।

ਖ਼ਬਰਾਂ ਬਣਾਉਣ ਵਾਲਿਆਂ ਅਤੇ ਸੰਸਦ ਮੈਂਬਰਾਂ ਵੱਲੋਂ ਸੋਸ਼ਲ ਮੀਡਆ ਮਹਾਰਥੀਆਂ ਦੇ ਇਸ ਕਦਮ ਦੀ ਅਲੋਚਨਾ ਕੀਤੀ ਗਈ ਹੈ। ਇਨ੍ਹਾਂ ’ਚੋਂ ਕਈਆਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੇ ਆਸਟ੍ਰੇਲੀਆ ’ਚ ਗਰਮੀਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਸਿਹਤ ਤੇ ਮੌਸਮ ਵਿਗਿਆਨ ਦੇ ਪੰਨਿਆਂ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆਈ ਸਰਕਾਰ ਦੇ ਨਵੇਂ ਨਿਯਮ ਤੋਂ ਨਰਾਜ਼ ਫੇਸਬੱੁਕ ਨੇ ਵੀਰਵਾਰ ਸਵੇਰ ਤੋਂ ਆਸਟ੍ਰੇਲੀਆਈ ਨਿਊਜ਼ ਵੈੱਬਸਾਈਟਾਂ ਦੀਆਂ ਖ਼ਬਰਾਂ ਨੂੰ ਪੋਸਟ ਕਰਨ ’ਤੇ ਰੋਕ ਲਾ ਦਿੱਤੀ। ਇਸ ਦੇ ਨਾਲ ਹੀ ਫੇਸਬੁੱਕ ਨੇ ਆਸਟ੍ਰੇਲੀਆਈ ਯੂਜ਼ਰਜ਼ ਨੂੰ ਆਪਣੇ ਪਲੈਟਫਾਰਮ ਤੋਂ ਦੇਸ਼ੀ ਜਾਂ ਵਿਦੇਸ਼ੀ ਕਿਸੇ ਵੀ ਨਿਊਜ਼ ਵੈੱਬਸਾਈਟ ਦੀ ਖ਼ਬਰ ਨੂੰ ਖੋਲ੍ਹਣ ’ਤੇ ਰੋਕ ਲਾ ਦਿੱਤੀ ਹੈ। ਫੇਸਬੁੱਕ ਨੇ ਦੱਸਿਆ ਕਿ ਇਹ ਆਸਟ੍ਰੇਲੀਆਈ ਸੰਸਦ ’ਚ ਆਏ ਨਵੇਂ ਕਾਨੂੰਨ ਦੇ ਵਿਰੋਧ ’ਚ ਰੋਕ ਲਗਾਈ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਆਨਲਾਈਨ ਇਸ਼ਤਿਹਾਰਾਂ ਦੇ 81 ਫ਼ੀਸਦੀ ਹਿੱਸੇ ’ਤੇ ਗੂਗਲ ਤੇ ਫੇਸਬੁੱਕ ਨੇ ਕਬਜ਼ਾ ਕੀਤਾ ਹੋਇਆ ਹੈ। ਅਜਿਹੇ ’ਚ ਆਸਟ੍ਰੇਲੀਆਈ ਸਰਕਾਰ ਨੇ ਖ਼ਬਰਾਂ ਦੇ ਪ੍ਰਕਾਸ਼ਨ ਬਦਲੇ ਗੂਗਲ ਤੇ ਫੇਸਬੁੱਕ ਵੱਲੋਂ ਭੁਗਤਾਨ ਕੀਤੇ ਜਾਣ ਨਾਲ ਜੁੜਿਆ ਮਸੌਦਾ ਤਿਆਰ ਕੀਤਾ ਹੈ। ਇਧਰ ਸੰਸਦ ’ਚ ਪ੍ਰਸਤਾਵਿਤ ਕਾਨੂੰਨ ਪੇਸ਼ ਕੀਤੇ ਜਾਣ ’ਤੇ ਗੂਗਲ ਨੇ ਆਸਟ੍ਰੇਲੀਆ ’ਚ ਆਪਣਾ ਸਰਚ ਇੰਜਣ ਬੰਦ ਕਰਨ ਦੀ ਧਮਕੀ ਦਿੱਤੀ ਸੀ। ਉਥੇ ਹੀ ਫੇਸਬੱੁਕ ਨੇ ਕਿਹਾ ਕਿ ਜੇ ਉਸ ਨੂੰ ਖ਼ਬਰਾਂ ਬਦਲੇ ਭੁਗਤਾਨ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਆਸਟ੍ਰੇਲੀਆ ਦੇ ਲੋਕਾਂ ’ਤੇ ਖ਼ਬਰਾਂ ਸਾਂਝੀਆਂ ਕਰਨ ’ਤੇ ਰੋਕ ਲਗਾ ਦੇਵੇਗੀ। ਹੁਣ ਇਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।

Posted By: Harjinder Sodhi