ਨਿਊਯਾਰਕ (ਆਈਏਐੱਨਐੱਸ) : ਅਮਰੀਕਾ ਦੇ ਸਭ ਤੋਂ ਧਨੀ 400 ਲੋਕਾਂ ਵਿਚ ਚਾਰ ਭਾਰਤਵੰਸ਼ੀ ਹਨ। ਫੋਰਬਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਜੀ-ਸਕੇਲਰ ਦੇ ਸੀਈਓ ਜੈ ਚੌਧਰੀ 8.2 ਡਾਲਰ ਦੀ ਨੈੱਟਵਰਥ ਦੇ ਨਾਲ ਭਾਰਤੀਆਂ ਵਿਚ ਸਭ ਤੋਂ ਅੱਗੇ ਹਨ। ਇਸ ਤੋਂ ਬਾਅਦ ਵਿਨੋਦ ਖੋਸਲਾ, ਰੋਮੇਸ਼ ਵਾਧਵਾਨੀ ਅਤੇ ਰਾਕੇਸ਼ ਗੰਗਵਾਲ ਦਾ ਨੰਬਰ ਆਉਂਦਾ ਹੈ। ਸੂਚੀ ਵਿਚ ਟੈਸਲਾ ਦੇ ਸੀਈਓ ਐਲਨ ਮਸਕ ਪਹਿਲੇ ਨੰਬਰ ’ਤੇ ਹਨ। ਉਨ੍ਹਾਂ ਇਹ ਸਥਾਨ ਐਮਾਜ਼ੌਨ ਦੇ ਸੀਈਓ ਜੈਫ ਬੇਜੋਸ ਤੋਂ ਖੋਹਿਆ ਹੈ, ਜਿਹਡ਼ੇ ਲਗਾਤਾਰ ਚਾਰ ਸਾਲ ਤਕ ਸਿਖ਼ਰ ’ਤੇ ਰਹੇ ਸਨ। ਸੂਚੀ ਮੁਤਾਬਕ ਸਭ ਤੋਂ ਧਨੀ 400 ਅਮਰੀਕੀਆਂ ਦੀ ਕੁੱਲ ਜਾਇਦਾਦ ਚਾਰ ਟ੍ਰਿਲੀਅਨ ਡਾਲਰ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਵਿਚ 500 ਅਰਬ ਡਾਲਰ ਘੱਟ ਹੈ। ਸੂਚੀ ਵਿਚ 79ਵਾਂ ਸਥਾਨ ਹਾਸਲ ਕਰਨ ਵਾਲੇ 63 ਸਾਲਾ ਜੈ ਚੌਧਰੀ ਨੇ ਸਾਲ 2008 ਵਿਚ ਸਾਇਬਰ ਸਕਿਓਰਿਟੀ ਫਰਮ ਜੀ-ਸਕੇਲਰ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਕੰਪਨੀ ਦੀ 42 ਫ਼ੀਸਦੀ ਹਿੱਸੇਦਾਰੀ ਹੈ। ਜੀ-ਸਕੇਲਰ ਤੋਂ ਪਹਿਲਾਂ ਚੌਧਰੀ ਨੇ ਚਾਰ ਦੂਜੀਆਂ ਤਕਨੀਕੀ ਕੰਪਨੀਆਂ ਦੀ ਸਥਾਪਨਾ ਕੀਤੀ ਸੀ, ਪਰ ਬਾਅਦ ਵਿਚ ਉਨ੍ਹਾਂ ਨੂੰ ਵੇਚ ਦਿੱਤਾ ਸੀ।

Posted By: Sandip Kaur