ਸਿਡਨੀ (ਏਐੱਫਪੀ) : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਸੈਂਕੜੇ ਕੋਆਲਾ ਦੇ ਮਰਨ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕੋਆਲਾ ਦਰੱਖ਼ਤਾਂ 'ਤੇ ਰਹਿਣ ਵਾਲਾ ਇਕ ਥਣਧਾਰੀ ਜੀਵ ਹੈ। ਇਹ ਮੁੱਖ ਰੂਪ ਨਾਲ ਆਸਟ੍ਰੇਲੀਆ 'ਚ ਪਾਇਆ ਜਾਂਦਾ ਹੈ।

ਪੋਰਟ ਮੈਕਵਾਇਰ ਕੋਆਲਾ ਹਸਪਤਾਲ ਦੀ ਮੁਖੀ ਸੁ ਐਸ਼ਟਨ ਨੇ ਦੇਸ਼ ਦੇ ਪੂਰਬੀ ਤੱਟ ਦੇ ਜੰਗਲਾਂ 'ਚ ਲੱਗੀ ਅੱਗ 'ਚ ਵੱਡੀ ਗਿਣਤੀ ਵਿਚ ਕੋਆਲਾ ਦੇ ਮਾਰੇ ਜਾਣ ਨੂੰ ਰਾਸ਼ਟਰੀ ਆਫ਼ਤ ਦੱਸਿਆ ਹੈ। ਸਿਡਨੀ ਤੋਂ ਚਾਰ ਸੌ ਕਿਲੋਮੀਟਰ ਦੂਰ ਇਨ੍ਹਾਂ ਜੰਗਲਾਂ 'ਚ ਬੀਤੇ ਸ਼ਨਿਚਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗੀ ਸੀ। ਪਹਿਲਾਂ ਤੋਂ ਹੀ ਸੋਕੇ ਦੀ ਮਾਰ ਝੱਲ ਰਹੇ ਨਿਊ ਸਾਊਥ ਵੇਲਸ ਸੂਬੇ ਵਿਚ ਦੋ ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਇਲਾਕੇ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਅੱਗ 'ਤੇ ਕਾਬੂ ਪਾਉਣ 'ਚ ਫਾਇਰ ਬਿ੍ਗੇਡ ਦੇ ਦਸਤੇ ਲੱਗੇ ਹੋਏ ਹਨ। ਅੱਗ ਬੁਝਾਉਣ ਲਈ ਪੋਰਟ ਮੈਕਵਾਇਰ ਦੇ ਨੇੜੇ ਦੇ ਜੰਗਲ 'ਚ ਜਹਾਜ਼ਾਂ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ।