ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ: ਮੈਲਬੌਰਨ 'ਚ ਲਾਕਡਾਊਨ ਦੌਰਾਨ ਵਾਪਰੀਆਂ ਵੱਖ-ਵੱਖ ਘਟਨਾਵਾਂ ਦੌਰਾਨ ਕੁਝ ਲੋਕਾਂ ਨੂੰ ਖਾਣਾ ਪੀਣਾ ਜ਼ਿਆਦਾ ਹੀ ਮਹਿੰਗਾ ਪੈ ਗਿਆ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਮੈਲਬੌਰਨ ਅਤੇ ਇਸ ਦੇ ਆਲੇ-ਦਆਲੇ ਦੇ ਇਲਾਕਿਆਂ ਵਿਚ ਕੋਰੋਨਾ ਮਹਾਮਾਰੀ ਦੇ ਕੇਸਾਂ ਵਿਚ ਨਿਰੰਤਰ ਵਾਧਾ ਹੋਣ ਨੂੰ ਮੁੱਖ ਰੱਖਦਿਆਂ ਸਰਕਾਰ ਨੂੰ ਮੁੜ ਤੋਂ ਲਾਕਡਾਊਨ ਕਰਨਾ ਪਿਆ ਤੇ ਸਟੇਜ-3 ਲਗਾਈ ਗਈ ਹੈ। ਜਿਸ ਵਿਚ ਲੋਕਾਂ ਨੂੰ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਮਿਲੀ ਹੋਈ ਹੈ। ਲਾਕਡਾਊਨ ਵਿਚ ਪੱਬ, ਕਲੱਬ, ਕੈਸੀਨੋ ਆਦਿ ਅਣਮਿੱਥੇ ਸਮੇ ਲਈ ਬੰਦ ਕੀਤੇ ਗਏ ਹਨ।ਪਰ ਇਸ ਸਭ ਦੇ ਚਲਦਿਆਂ ਕੁਝ ਲੋਕ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਦਿੰਦੇ ਹਨ ਤੇ ਕਈ ਵਾਰ ਇਹ ਹੁਕਮ ਤੋੜਨੇ ਮਹਿੰਗੇ ਵੀ ਪੈ ਜਾਂਦੇ ਹਨ ਪਰ ਇਕ ਵਿਅਕਤੀ ਦੀ ਬਟਰ ਚਿਕਨ ਖਾਣ ਦੀ ਚਾਹਤ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਬਟਰ ਚਿਕਨ ਖੁਆ ਦਿੱਤਾ ਕਿਉਂਕਿ ਆਪਣਾ ਖੇਤਰ ਛੱਡ 32 ਕਿਲੋਮੀਟਰ ਦੂਰ ਬਟਰ ਚਿਕਨ ਲੈਣ ਲਈ ਨਿਕਲਿਆ ਸੀ ਪਰ ਰਸਤੇ ਵਿਚ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਇਹ ਵਿਅਕਤੀ ਵੀ ਅੜਿੱਕੇ ਆ ਗਿਆ ਤੇ ਪੁਲਿਸ ਨੇ ਮੌਕੇ 'ਤੇ ਹੀ 1652 ਡਾਲਰ (ਕਰੀਬ 82 ਹਜ਼ਾਰ ਰੁਪਏ) ਦਾ ਜੁਰਮਾਨਾ ਕਰ ਦਿੱਤਾ।।

ਦੂਜੀ ਘਟਨਾ ਵਿਚ ਇਕ ਨੌਜਵਾਨ ਦਾ ਜਨਮ ਦਿਨ ਯਾਦਗਾਰੀ ਬਣ ਗਿਆ ਜਦੋਂ 16 ਦੇ ਕਰੀਬ ਨੋਜਵਾਨ ਆਪਣੇ ਦੋਸਤ ਦੇ ਘਰ ਉਸ ਦਾ ਜਨਮ ਦਿਨ ਮਨਾਉਣ ਲਈ ਚੋਰੀ ਛਿਪੇ ਇਕੱਠੇ ਹੋਏ ਸਨ ਤੇ ਉਨ੍ਹਾਂ ਵਿੱਚੋਂ ਦੌ ਨੌਜਵਾਨ ਸਥਾਨਕ ਕੇਐੱਫਸੀ ਰੈਸਟੋਰੈਂਟ ਤੇ ਖਾਣਾ ਲੈਣ ਚਲੇ ਗਏ। ਉਥੇ ਪਹਿਲਾਂ ਤੋਂ ਹੀ ਮੌਜੂਦ ਦੋ ਅਂੈਬੂਲੈਂਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਰੀਬ 18-20 ਵਿਅਕਤੀਆਂ ਦਾ ਆਰਡਰ ਕਰਦਿਆਂ ਦੇਖ ਲਿਆ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਦਂੋ ਪੁਲਿਸ ਨੇ ਉਸ ਨੌਜਵਾਨ ਦੇ ਘਰ ਜਾ ਕੇ ਛਾਪਾ ਮਾਰਿਆ ਤਾਂ ਉੱਥੇ 16 ਦੇ ਕਰੀਬ ਨੌਜਵਾਨ ਮੌਜੂਦ ਸਨ ਤੇ ਪਾਰਟੀ ਕਰ ਰਹੇ ਸਨ ਜਿਨ੍ਹਾਂ ਨੂੰ 1652 ਪਰ ਵਿਅਕਤੀ ਦੇ ਹਿਸਾਬ ਨਾਲ ਕਰੀਬ 26 ਹਜ਼ਾਰ ਡਾਲਰ (ਕਰੀਬ 13 ਲੱਖ ਰੁਪਏ) ਦਾ ਜੁਰਮਾਨਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਪੁਲਿਸ ਸਖ਼ਤੀ ਨਾਲ ਪੇਸ਼ ਆ ਰਹੀ ਹੈ ਤੇ ਵਿਸ਼ੇਸ਼ ਚੈੱਕ ਪੁਆਇੰਟ ਬਣਾਏ ਗਏ ਹਨ ਜਿੱਥੇ ਰਾਹਗੀਰਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ। ।


ਮਾਸਕ ਨਾ ਪਾਉਣ ਤੇ ਹੋਵੇਗਾ ਜੁਰਮਾਨਾ

ਸੂਬੇ ਦੇ ਪ੍ਰੀਮੀਅਰ ਨੇ ਮੈਲਬੌਰਨ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਜੋਕਿ ਲਾਕਡਾਊਨ ਦੇ ਘੇਰੇ ਵਿਚ ਆਉਂਦੇ ਨਾਗਰਿਕਾਂ ਨੂੰ ਘਰੋਂ ਬਾਹਰ ਜਾਣ ਲੱਗੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਮਾਸਕ ਨਾ ਪਾਉਣ 'ਤੇ 200 ਡਾਲਰ ਦਾ ਜੁਰਮਾਨਾ ਕੀਤਾ ਜਾਵੇਗਾ।

Posted By: Jagjit Singh