ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਪਾਰਲੀਮੈਂਟ ਜੋ ਕਿ ਮੈਲਬੌਰਨ ਵਿਖੇ ਸਥਿਤ ਹੈ ਵਿਖੇ ਸਮਾਗਮ ਕਰਵਾਏ ਗਏ। ਇਹ ਗੁਰਪੁਰਬ ਸਮਾਗਮ ਟਰਬਨ ਫਾੱਰ ਆਸਟ੍ਰੇਲੀਆ ਸੰਸਥਾ ਵਲੋਂ ਕਰਵਾਏ ਗਏ ਸਨ। ਇਸ ਮੌਕੇ ਥਾਮਸਟਾਉੂਨ ਇਲਾਕੇ ਤੋ ਮੈਂਬਰ ਪਾਰਲੀਮੈਂਟ ਬਰੋਵਨ ਹਾਫਪੈਨੀ ਮੁੱਖ ਮਹਿਮਾਨ ਅਤੇ ਪ੍ਰਸਿੱਧ ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਮੌਕੇ ਛੋਟੇ ਛੋਟੇ ਬੱਚਿਆਂ ਨੇ ਗੁਰੂ ਸਾਹਿਬ ਦੀ ਜੀਵਨੀ ਅਤੇ ਸਿਖਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਅਵਨੀਤ ਕੌਰ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਟਰਬਨ ਫਾਰ ਆਸਟ੍ਰੇਲੀਆ ਦੇ ਨੁਮਾਇੰਦੇ ਅਮਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਬੰਧਕਾਂ ਸਾਬੀ ਸਿੰਘ ਤੇ ਦਲਜੀਤ ਸਿੱਧੂ ਨੇ ਕਿਹਾ ਕਿ ਇਸ ਸਮਾਗਮ ਨੂੰ ਕਰਾਉਣ ਦਾ ਮੁੱਖ ਮੰਤਵ ਇੱਥੇ ਪੈਦਾ ਹੋਈ ਨਵੀ ਪੀੜੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਸੀ ਤਾਂ ਜੋ ਇਹ ਬੱਚੇ ਭਵਿੱਖ ਦੇ ਬਿਹਤਰ ਬੁਲਾਰੇ ਬਣ ਸਕਣ। ਅੱਜ ਬੱਚਿਆਂ ਵਲੋ ਗੁਰੂ ਸਾਹਿਬ ਬਾਰੇ ਜੋ ਵਿਚਾਰ ਪੇਸ਼ ਕੀਤੇ ਗਏ ਹਨ ਉਸ ਲਈ ਬੱਚਿਆਂ ਦੇ ਮਾਪੇ ਵਧਾਈ ਦੇ ਪਾਤਰ ਹਨ।ਜ਼ਿਕਰਯੋਗ ਹੈ ਕਿ ਟਰਬਨ ਫਾੱਰ ਆਸਟ੍ਰੇਲੀਆ ਸੰਸਥਾ ਕਾਫੀ ਸਮੇਂ ਤੋ ਦਸਤਾਰ ਦੀ ਸਿਖਲਾਈ ਤੇ ਦਸਤਾਰ ਦੇ ਬਾਰੇ ਦੂਸਰੇ ਭਾਈਚਾਰਿਆਂ ਨੁੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਕੈਂਪ ਤੇ ਸੈਮੀਨਾਰ ਆਦਿ ਦਾ ਆਯੋਜਨ ਕਰਦੇ ਹਨ। ਇਸ ਸਮਾਗਮ ਲਈ ਅਮਰ ਸਿੰਘ , ਸਾਬੀ ਸਿੰਘ , ਦਿਲਜੀਤ ਸਿੱਧੂ, ਕਮਲ ਸਿੰਘ ,ਹਰਸਿਮਰਨ ਕੌਰ , ਰਾਜ ਸਿੱਧੂ ਮਨਿੰਦਰ ਜੀਤ ਸਿੰਘ ਅਤੇ ਡਾਕਟਰ ਸਮਾਈਲੀ ਕੌਰ ਦੁਆਰਾ ਵਿਸ਼ੇਸ਼ ਤੋਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।

Posted By: Seema Anand