ਸਿਡਨੀ (ਏਐੱਫਪੀ) : ਪੌਣ-ਪਾਣੀ ਪਰਿਵਰਤਨ ਦੇ ਵਾਤਾਵਰਨ 'ਤੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਵਿਸ਼ਵ ਪੱਧਰੀ ਪ੍ਰਦਰਸ਼ਨਾਂ ਦੀ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਸ਼ੁਰੂਆਤ ਕੀਤੀ ਗਈ। ਦੇਸ਼ ਦੇ ਦੱਖਣੀ-ਪੂਰਬੀ ਹਿੱਸੇ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਧੂੰਏਂ ਨਾਲ ਭਰੇ ਸਿਡਨੀ ਵਿਚ ਵਾਤਾਵਰਨ ਵਰਕਰਾਂ ਨੇ ਸਕੂਲੀ ਬੱਚਿਆਂ ਨਾਲ ਮਿਲ ਕੇ ਧਰਨਾ-ਪ੍ਰਦਰਸ਼ਨ ਕੀਤਾ।

ਮੁੱਖ ਪ੍ਰਦਰਸ਼ਨ ਸਿਡਨੀ ਸਥਿਤ ਆਸਟ੍ਰੇਲੀਆ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਹੈੱਡਕੁਆਰਟਰ 'ਤੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ 'ਸਾਡਾ ਭਵਿੱਖ ਸੜ ਰਿਹਾ ਹੈ' ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਹ ਲੋਕ ਵਿਸ਼ਵ ਪੱਧਰ 'ਤੇ ਪੌਣ-ਪਾਣੀ ਪਰਿਵਰਤਨ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਵਿਚ ਧਮਾਕੇਦਾਰ ਭਾਸ਼ਣ ਦੇਣ ਵਾਲੀ 16 ਸਾਲ ਦੀ ਵਾਤਾਵਰਨ ਵਰਕਰ ਗ੍ਰੇਟਾ ਥਨਬਰਗ ਦੀ ਅਪੀਲ 'ਤੇ ਜੁਟੇ ਸਨ। ਵਿਸ਼ਵ ਪੱਧਰ 'ਤੇ ਪੌਣ-ਪਾਣੀ ਪਰਿਵਰਤਨ ਦੇ ਮੁੱਦੇ 'ਤੇ ਜ਼ੋਰ-ਸ਼ੋਰ ਨਾਲ ਉਠਾਉਣ ਲਈ ਸ਼ੁੱਕਰਵਾਰ ਨੂੰ ਸਿਡਨੀ ਤੋਂ ਇਲਾਵਾ ਮੈਲਬੌਰਨ ਅਤੇ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਵੀ ਪ੍ਰਦਰਸ਼ਨ ਕੀਤਾ ਗਿਆ।