ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ 'ਚ ਸਿੱਖ ਭਾਈਚਾਰਾ ਕੋਰੋਨਾ ਵਾਇਰਸ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਮੁਫ਼ਤ ਲੰਗਰ ਅਤੇ ਰਾਸ਼ਨ ਦਾ ਸਾਮਾਨ ਮੁਹੱਈਆ ਕਰਵਾ ਰਿਹਾ ਹੈ। ਫੇਸਬੁੱਕ 'ਤੇ ਪਾਈ ਇਕ ਪੋਸਟ ਵਿਚ 'ਸਿੱਖ ਵਾਲੰਟੀਅਰ ਆਸਟ੍ਰੇਲੀਆ' ਨੇ ਵਿਕਟੋਰੀਆ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਫ਼ਤ ਲੰਗਰ ਹਾਸਿਲ ਕਰਨ ਲਈ ਉਨ੍ਹਾਂ ਨਾਲ ਸੰਪਰਕ ਕਰਨ।

ਦਰਜਨ ਤੋਂ ਜ਼ਿਆਦਾ ਡਲਿਵਰੀ ਵੈਨਾਂ ਰਾਹੀਂ 20 ਵਾਲੰਟੀਅਰ ਰੋਜ਼ਾਨਾ 800 ਲੋਕਾਂ ਨੂੰ ਰਾਸ਼ਨ ਤੇ ਲੰਗਰ ਮੁਹੱਈਆ ਕਰਵਾ ਰਹੇ ਹਨ। ਦਿੱਤੇ ਜਾ ਰਹੇ ਰਾਸ਼ਨ ਵਿਚ ਸੂਪ, ਸਾਬਣ, ਪਾਸਤਾ ਤੇ ਚੌਲ ਸ਼ਾਮਲ ਹਨ। ਸਿੱਖ ਵਾਲੰਟੀਅਰ ਆਸਟ੍ਰੇਲੀਆ ਪਿਛਲੇ ਤਿੰਨ ਸਾਲਾਂ ਤੋਂ ਮੁਫ਼ਤ ਲੰਗਰ ਦੀ ਸੇਵਾ ਨਿਭਾ ਰਹੀ ਹੈ। ਸੰਸਥਾ ਦੇ ਇਕ ਮੈਂਬਰ ਨੇ ਦੱਸਿਆ ਕਿ ਅਸੀਂ ਆਸਟ੍ਰੇਲੀਆ ਵਿਚ ਸਟੱਡੀ ਦੇ ਆਧਾਰ 'ਤੇ ਆਏ ਵਿਦਿਆਰਥੀਆਂ ਨੂੰ ਵੀ ਲੋੜੀਂਦੀ ਸਮੱਗਰੀ ਮੁਹੱਈਆ ਕਰਵਾ ਰਹੇ ਹਨ। ਇਕ ਹੋਰ ਸੰਸਥਾ ਯੂਨਾਈਟਿਡ ਸਿੱਖਸ ਵੀ ਲੋੜਵੰਦਾਂ ਨੂੰ ਲੰਗਰ ਤੇ ਹੋਰ ਸਮੱਗਰੀ ਮੁਹੱਈਆ ਕਰਵਾ ਰਹੀ ਹੈ। ਯੂਨਾਈਟਿਡ ਸਿੱਖਸ ਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਦੋ ਵਾਰ 100-120 ਲੋਕਾਂ ਲਈ ਮੁਫ਼ਤ ਲੰਗਰ ਉਨ੍ਹਾਂ ਦੇ ਘਰਾਂ 'ਤੇ ਮੁਹੱਈਆ ਕਰਵਾ ਰਹੇ ਹਾਂ। ਇਸ ਦੌਰਾਨ ਗੁਰਦੁਆਰਾ ਸਾਹਿਬ ਤਰਨੀਟ ਦੇ ਪ੍ਰਰੀਤਮ ਸਿੰਘ ਨੇ ਦੱਸਿਆ ਕਿ ਅਸੀਂ ਰੋਜ਼ਾਨਾ 70 ਲੋਕਾਂ ਨੂੰ ਰੋਜ਼ਾਨਾ ਘਰਾਂ ਤਕ ਲੰਗਰ ਪੁਚਾ ਰਹੇ ਹਾਂ ਤੇ 30-40 ਲੋਕ ਗੁਰਦੁਆਰਾ ਸਾਹਿਬ ਤੋਂ ਲੰਗਰ ਲਿਜਾ ਰਹੇ ਹਨ। ਇਸ ਦੌਰਾਨ ਵਿਕਟੋਰੀਆ ਦੇ ਪ੍ਰਰੀਮੀਅਰ ਡੈਨੀਅਲ ਐਂਡਰਿਊ ਨੇ ਸਿੱਖ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਸੇਵਾ ਲਈ ਉਸ ਦਾ ਧੰਨਵਾਦ ਕੀਤਾ ਹੈ।