ਬਿ੍ਸਬੇਨ (ਏਜੰਸੀਆਂ) : ਆਸਟ੍ਰੇਲੀਆ ਦੀ ਹਾਈ ਕੋਰਟ ਨੇ ਬਾਲ ਜਿਨਸੀ ਸ਼ੋਸ਼ਣ 'ਚ ਦੋਸ਼ ਕਰਾਰ ਦਿੱਤੇ ਗਏ ਕਾਰਡੀਨਲ ਜਾਰਜ ਪੇਲ ਦੀ ਸਜ਼ਾ ਨੂੰ ਰੱਦ ਕਰਦਿਆਂ ਦੋਸ਼ਮੁਕਤ ਕਰਾਰ ਦਿੱਤਾ ਹੈ। ਇਸ ਫ਼ੈਸਲੇ ਦੇ ਕੁਝ ਘੰਟਿਆਂ ਬਾਅਦ ਹੀ 13 ਮਹੀਨਿਆਂ ਤੋਂ ਜੇਲ੍ਹ 'ਚ ਬੰਦ 78 ਸਾਲਾ ਪੇਲ ਨੂੰ ਮੈਲਬੌਰਨ ਸਥਿਤ ਬਾਵਰਨ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੀ ਰਿਹਾਈ ਦੇ ਕੁਝ ਦੇਰ ਬਾਅਦ ਹੀ ਵੈਟੀਕਨ 'ਚ ਪੋਪ ਫਰਾਂਸਿਸ ਨੇ ਆਪਣੀ ਸਵੇਰ ਦੀ ਪ੍ਰਾਰਥਨਾ ਉਨ੍ਹਾਂ ਲੋਕਾਂ ਨੂੰ ਸਮਰਪਿਤ ਕੀਤੀ, ਜੋ ਗ਼ਲਤ ਦੋਸ਼ਾਂ ਕਾਰਨ ਜੇਲ੍ਹ ਦੀਆਂ ਸੀਖਾਂ ਪਿੱਛੇ ਹਨ।

ਵੈਟੀਕਨ ਦੇ ਸਾਬਕਾ ਵਿੱਤ ਮੰਤਰੀ ਪੇਲ ਨੂੰ 1990 'ਚ 13 ਸਾਲਾ ਦੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੇ ਪੰਜ ਮਾਮਲਿਆਂ 'ਚ ਹੇਠਲੀ ਅਦਾਲਤ ਨੇ ਦਸੰਬਰ, 2018 'ਚ ਦੋਸ਼ੀ ਕਰਾਰ ਦਿੱਤਾ ਸੀ। ਪਿਛਲੇ ਸਾਲ ਮਾਰਚ 'ਚ ਉਨ੍ਹਾਂ ਨੂੰ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਇਸ ਫ਼ੈਸਲੇ ਨੂੰ ਵਿਕਟੋਰੀਆ ਦੀ ਅਪੀਲੀ ਅਦਾਲਤ ਨੇ 2-1 ਦੇ ਬਹੁਮਤ ਨਾਲ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਹਾਈ ਕੋਰਟ 'ਚ ਫ਼ੈਸਲੇ ਦੀ ਚੁਣੌਤੀ ਦਿੱਤੀ ਗਈ ਸੀ। ਆਪਣੇ ਫ਼ੈਸਲੇ 'ਚ ਹਾਈ ਕੋਰਟ ਨੇ ਕਿਹਾ ਕਿ ਅਪਰਾਧ ਨਾਲ ਸਬੰਧਤ ਜੋ ਸਬੂਤ ਪੁਲਿਸ ਨੇ ਦਿੱਤੇ ਉਹ ਢੁੱਕਵੇਂ ਨਹੀਂ ਹਨ। ਇਸ ਲਈ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਨਿਰਦੋਸ਼ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਸੱਤ ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਦਿੱਤੇ ਗਏ ਫ਼ੈਸਲੇ 'ਚ ਹੇਠਲੀ ਅਦਾਲਤ ਦੇ ਫ਼ੈਸਲੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਸ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਿ ਸ਼ਾਇਦ ਅਪਰਾਧ ਹੋਇਆ ਹੀ ਨਾ ਹੋਵੇ। ਹਾਲਾਂਕਿ ਪੇਲ ਦੀ ਮੁਸੀਬਤ ਹਾਲੇ ਖਤਮ ਨਹੀਂ ਹੁੰਦੀ ਦਿਸ ਰਹੀ। ਮੰਨਿਆ ਜਾ ਰਿਹਾ ਹੈ ਕਿ ਪੀੜਤ ਹਰਜਾਨੇ ਲਈ ਉਨ੍ਹਾਂ 'ਤੇ ਮੁਕੱਦਮਾ ਦਾਇਰ ਕਰਦੇ ਸਕਦੇ ਹਨ।

ਇਨ੍ਹਾਂ ਵਿਚੋਂ ਪੀੜਤ ਬੱਚਿਆਂ ਦੇ ਪਿਤਾ ਵੀ ਹਨ, ਜੋ ਹੁਣ ਇਸ ਦੁਨੀਆ 'ਚ ਨਹੀਂ ਹੈ। ਪੇਲ ਦੀ ਸਜ਼ਾ ਇਕ ਲੜਕੇ ਦੀ ਗਵਾਹੀ 'ਤੇ ਹੋਈ ਸੀ ਜਿਸ ਦੀ ਉਮਰ ਹੁਣ 30 ਦੇ ਨੇੜੇ ਤੇੜੇ ਹੈ, ਜਦਕਿ ਦੋਸ਼ ਲਾਉਣ ਵਾਲੇ ਦੂਜੇ ਲੜਕੇ ਦੀ ਨਸ਼ੀਲੇ ਪਦਾਰਥਾਂ ਦੇ ਜ਼ਿਆਦਾ ਸੇਵਨ ਨਾਲ 31 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਆਪਣੀ ਰਿਹਾਈ 'ਤੇ ਕਾਰਡੀਨਲ ਪੇਲ ਨੇ ਕਿਹਾ, ਮੈਨੂੰ ਬਰੀ ਕੀਤਾ ਜਾਵੇ, ਮੇਰੇ ਨਾਲ ਹੋਈ ਗੰਭੀਰ ਬੇਇਨਸਾਫੀ ਦੀ ਪੂਰਤੀ ਕਰਦਾ ਹੈ। ਮੇਰੇ ਮਨ 'ਚ ਦੋਸ਼ ਲਾਉਣ ਵਾਲੇ ਖ਼ਿਲਾਫ਼ ਕੋਈ ਨਫ਼ਰਤ ਨਹੀਂ ਹੈ।