ਕੈਨਬਰਾ (ਏਜੰਸੀਆਂ) : ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਕਈ ਦੇਸ਼ਾਂ ਵੱਲੋਂ ਪਾਬੰਦੀਆਂ 'ਚ ਢਿੱਲ ਦੇਣ ਦਾ ਸਿਲਸਿਲਾ ਜਾਰੀ ਹੈ। ਆਸਟ੍ਰਲੀਆ ਨੇ ਜਿੱਥੇ ਵਿਦਿਆਰਥੀਆਂ ਤੇ ਲੰਬੇ ਸਮੇਂ ਲਈ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਐਂਟਰੀ 'ਚ ਛੋਟ ਦੇਣ ਦੀ ਗੱਲ ਕੀਤੀ ਹੈ, ਉੱਥੇ ਤਾਇਵਾਨ ਨੇ ਅਗਲੇ ਹਫ਼ਤੇ ਤੋਂ ਅਜਿਹੇ ਦੇਸ਼ਾਂ ਦੇ ਕਾਰੋਬਾਰੀ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ, ਜਿੱਥੇ ਇਨਫੈਕਸ਼ਨ ਦਾ ਜੋਖ਼ਮ ਘੱਟ ਰਿਹਾ ਹੈ। ਦੂਜੇ ਪਾਸੇ ਫਰਾਂਸ 'ਚ ਦੁਨੀਆ ਦੇ ਸੱਤ ਅਜੂਬਿਆਂ 'ਚ ਸ਼ਾਮਲ ਐਫਿਲ ਟਾਵਰ ਨੂੰ 25 ਜੂਨ ਤੋਂ ਦੁਬਾਰਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਲੋਕਾਂ ਨੂੰ ਪਹਿਲੀ ਤੇ ਦੂਜੀ ਮੰਜ਼ਿਲ 'ਤੇ ਜਾਣ ਦੀ ਇਜਾਜ਼ਤ ਮਿਲੇਗੀ। ਦੱਸਣਯੋਗ ਹੈ ਕਿ ਦੂਜੇ ਵਿਸ਼ਵ ਯੁੱਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਏਨੇ ਦਿਨਾਂ ਲਈ ਟਾਵਰ ਨੂੰ ਬੰਦ ਕੀਤਾ ਗਿਆ।

ਆਸਟ੍ਰੇਲੀਆ ਦੇ ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਬੁੱਧਵਾਰ ਨੂੰ ਕਿਹਾ ਕਿ ਕੌਮਾਂਤਰੀ ਯਾਤਰੀਆਂ ਲਈ ਫਿਲਹਾਲ ਅਗਲੇ ਸਾਲ ਤੋਂ ਪਹਿਲਾਂ ਸਰਹੱਦ ਖੋਲ੍ਹੇ ਜਾਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਵਿਦਿਆਰਥੀਆਂ ਤੇ ਲੰਬੇ ਸਮੇਂ ਤਕ ਦੇਸ਼ 'ਚ ਰਹਿਣ ਲਈ ਆਉਣ ਵਾਲੇ ਯਾਤਰੀਆਂ ਨੂੰ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਅਜਿਹੇ ਲੋਕਾਂ ਨੂੰ ਆਸਟ੍ਰੇਲੀਆ 'ਚ ਐਂਟਰੀ ਤੋਂ ਬਾਅਦ ਘਟੋ-ਘੱਟ 14 ਦਿਨਾਂ ਤਕ ਕੁਆਰੰਟਾਈਨ ਹੋਣਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਇੱਥੋਂ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਜ਼ਰੀਏ ਆਸਟ੍ਰੇਲੀਆ ਲਗਪਗ ਦੋ ਲੱਖ ਕਰੋੜ ਦੀ ਵਿਦੇਸ਼ੀ ਕਰੰਸੀ ਮਿਲੇਗੀ। ਤਾਇਵਾਨ ਨੇ ਸੋਮਵਾਰ ਨੂੰ ਨਿਊਜ਼ੀਲੈਂਡ, ਆਸਟ੍ਰੇਲੀਆ, ਵਿਅਤਨਾਮ, ਥਾਈਲੈਂਡ, ਦੱਖਣੀ ਕੋਰੀਆ, ਮਕਾਓ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ ਤੇ ਜਾਪਾਨ ਤੋਂ ਆਉਣ ਵਾਲੇ ਕਾਰੋਬਾਰੀ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇੱਥੇ ਆਉਣ ਵਾਲੇ ਸਾਰੇ ਲੋਕਾਂ ਨੂੰ ਨਾ ਸਿਰਫ 14 ਦਿਨਾਂ ਲਈ ਕੁਆਰੰਟਾਈਨ 'ਚ ਰਹਿਣਾ ਪਵੇਗਾ ਬਲਕਿ ਇਹ ਵੀ ਸਿੱਧ ਕਰਨਾ ਪਵੇਗਾ ਕਿ ਉਨ੍ਹਾਂ ਨੂੰ ਕਿਸੇ ਕੰਪਨੀ ਨੇ ਸੱਦਾ ਭੇਜਿਆ ਹੈ।

ਮੈਕਸੀਕੋ 'ਚ ਸਾਢੇ ਚਾਰ ਹਜ਼ਾਰ ਨਵੇਂ ਕੇਸ

ਮੈਕਸੀਕੋ ਨੇ ਚਰਚ ਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦਾ ਐਲਾਨ ਭਾਵੇਂ ਕਰ ਦਿੱਤਾ ਹੋਵੇ ਪਰ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦਾ ਘੇਰਾ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਉੱਥੇ 4599 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਇੱਥੇ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,54,863 ਹੋ ਗਈ ਹੈ। 730 ਲੋਕਾਂ ਦੀ ਮੌਤ ਦੇ ਨਾਲ ਹੀ ਦੇਸ਼ 'ਚ ਮ੍ਰਿਤਕਾਂ ਦੀ ਗਿਣਤੀ 18,130 ਹੋ ਗਈ ਹੈ। ਜਿਹੜੇ ਲੋਕ ਕੋਰੋਨਾ ਪੀੜਤ ਹਨ, ਉਨ੍ਹਾਂ 'ਚ 24 ਫ਼ੀਸਦੀ ਸਿਹਤ ਮੁਲਾਜ਼ਮ ਹਨ। 32,388 ਡਾਕਟਰ, ਨਰਸ ਤੇ ਟੈਕਨੀਸ਼ੀਅਨ ਕੋਰੋਨਾ ਤੋਂ ਪੀੜਤ ਹਨ, ਇਨ੍ਹਾਂ 'ਚੋਂ 463 ਦੀ ਮੌਤ ਹੋ ਚੁੱਕੀ ਹੈ।

ਪੁਤਿਨ ਦੇ ਘਰ ਦੇ ਬਾਹਰ ਡਿਸਇਨਫੈਕਸ਼ਨ ਟਨਲ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕੋਰੋਨਾ ਤੋਂ ਬਚਾਉਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਡਿਸਇਨਫੈਕਸ਼ਨ ਟਨਲ ਬਣਾਈ ਗਈ ਹੈ। ਜੇ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਉ ਨੂੰ ਪਹਿਲਾਂ ਟਨਲ 'ਚੋਂ ਲੰਘਣਾ ਪਵੇਗਾ। ਇਕ ਟਨਲ ਮਾਸਕੋ ਦੇ ਬਾਹਰੀ ਖੇਤਰ 'ਚ ਸਥਿਤ ਉਨ੍ਹਾਂ ਦੇ ਨਿਵਾਸ 'ਤੇ ਲਗਾਈ ਗਈ ਹੈ ਜਦੋਂਕਿ ਦੋ ਟਨਲ ਉਨ੍ਹਾਂ ਦੇ ਸਰਕਾਰੀ ਦਫਤਰ ਦੇ ਬਾਹਰ ਲਗਾਈਆਂ ਗਈਆਂ ਹਨ।

Posted By: Susheel Khanna