ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ

ਆਸਟ੍ਰੇਲੀਆ ਦੀ ਨਾਰਦਨ ਟੈਰਾਟਰੀ ਦੀ ਰਾਜਧਾਨੀ ਡਾਰਵਿਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਉਣੰਜਵਾਂ ਪ੍ਰਕਾਸ਼ ਪੁਰਬ ਧੂਮ ਧਾਮ ਨਾਲ਼ ਉਤਸ਼ਾਹ ਸਹਿਤ ਮਨਾਇਆ ਗਿਆ। ਯਾਦ ਰਹੇ ਕਿ ਨਾਰਦਰਨ ਟੈਰਾਟਰੀ ਸਰਕਾਰ ਨੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਇਕ ਏਕੜ ਦੇ ਕਰੀਬ ਜ਼ਮੀਨ ਅਤੇ ਛੇ ਲੱਖ ਡਾਲਰ ਗਰਾਂਟ ਸਿੱਖ ਭਾਈਚਾਰੇ ਨੂੰ ਦਿੱਤੀ ਹੈ। ਛੇ ਲੱਖ ਡਾਲਰ ਆਸਟ੍ਰੇਲੀਆ ਦੀ ਸੰਗਤ ਨੇ ਉਗਰਾਹੀ ਕਰਕੇ, ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਇਆ ਅਤੇ ਇਉਂ ਬਾਰਾਂ ਲੱਖ ਡਾਲਰ ਦਾ ਖ਼ਰਚ ਲੱਗ ਕੇ ਇਹ ਇਮਾਰਤ ਬਣੀ ਤੇ ਗੁਰਦੁਆਰਾ ਸਾਹਿਬ ਦੀ ਆਪਣੀ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਮਾਨ ਹੋਣਾ ਆਰੰਭ ਹੋਇਆ। ਇਸ ਤੋਂ ਪਹਿਲਾਂ ਤਕਰਬੀਨ ਅੱਠ ਕੁ ਸਾਲ ਤੋਂ ਗੁਰਸਿੱਖਾਂ ਦੇ ਘਰਾਂ ਵਿਚ ਜਾਂ ਫੇਰ ਕਿਰਾਏ ਦੇ ਸਥਾਨ ਤੇ ਹੀ ਦੀਵਾਨ ਸਜਾਏ ਜਾਂਦੇ ਸਨ। ਇਸ ਦੋਹਰੀਆਂ ਖ਼ੁਸ਼ੀਆਂ ਗੁਰਪੁਰਬ ਵਾਲ਼ੇ ਦਿਨ 23 ਨਵੰਬਰ ਨੂੰ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ। ਉਪ੍ਰੰਤ ਸੰਖੇਪ ਦੀਵਾਨ ਸਜਿਆ। ਸ਼ਾਮ ਨੂੰ ਫਿਰ ਦੀਵਾਨ ਸਜਿਆ ਜਿਸ ਵਿਚ ਬੀਬੀਆਂ ਦੇ ਕੀਰਤਨ ਤੋਂ ਬਾਅਦ ਸਿਡਨੀ ਤੋਂ ਆਏ ਪੰਥਕ ਵਿੱਦਵਾਨ ਗਿਆਨੀ ਸੰਤੋਖ ਸਿੰਘ ਜੀ ਨੇ ਇਸ ਸ਼ੁਭ ਅਵਸਰ ਉਪਰ ਸੰਗਤਾਂ ਨੂੰ ਸੰਬੋਧਨ ਕੀਤਾ। ਅਖੰਡਪਾਠ ਦੀ ਜਗਾਹ ਸਹਿਜਪਾਠ ਰੱਖੇ ਗਏ ਸਨ, ਜਿਸ ਨੂੰ ਸੰਗਤ ਨੇ ਰਲ਼ ਕੇ ਸੰਪੂਰਨ ਕੀਤਾ। ਐਤਵਾਰ 25 ਨਵੰਬਰ ਵਾਲ਼ੇ ਦਿਨ ਰੱਖੇ ਗਏ ਸਹਿਜ ਪਾਠ ਦੇ ਭੋਗ ਉਪ੍ਰੰਤ ਦੀਵਾਨ ਸਜਿਆ, ਜਿਸ ਵਿਚ ਬੀਬੀਆਂ ਦੇ ਕੀਰਤਨ ਉਪ੍ਰੰਤ ਇਸ ਇਲਾਕੇ ਦੀ ਔਬਰਿਜੀਨਲ ਕਮਿਊਨਿਟੀ ਲਾਰਾਕੀਆ ਦੇ ਚੀਫ਼ ਨੇ ਰਸਮੀ ਤੌਰ ਤੇ ਇਸ ਇਲਾਕੇ ਵਿਚ ਸਿੱਖ ਭਾਈਚਾਰੇ ਨੂੰ “ਜੀ ਆਇਆਂ ਨੂੰ” ਆਖਿਆ। ਸਰਕਾਰੀ ਨੁਮਾਇੰਦੇ ਵਜ਼ੀਰਾਂ ਨੇ ਵੀ ਆ ਕੇ ਸਿੱਖ ਭਾਈਚਾਰੇ ਨੂੰ ਗੁਰਪੁਰਬ ਅਤੇ ਗੁਰਦੁਆਰੇ ਦੀ ਆਰੰਭਤਾ ਦੀ ਵਧਾਈ ਦਿਤੀ। ਸ. ਸਤਪਿੰਦਰ ਸਿੰਘ ਵੱਲੋਂ ਆਏ ਸੱਜਣਾਂ ਦਾ ਧੰਨਵਾਦ ਅਤੇ ਸਵਾਗਤ ਕੀਤਾ ਗਿਆ। ਯਾਦ ਰਹੇ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ, ਇਸ ਇਲਾਕੇ ਦੀ ਟ੍ਰੈਡੀਸ਼ਨਲ ਮਾਲਕ ਨੇਸ਼ਨ, ਲਾਰਾਕੀਆ ਦੀ ਨੁਮਾਇੰਦਾ, ਡੋਨਾ ਜੈਕਸਨ ਨੇ ਰੱਖਿਆ ਸੀ। ਅੰਤ ਵਿਚ ਗਿਆਨੀ ਸੰਤੋਖ ਸਿੰਘ ਜੀ ਦੇ ਵਿਖਿਆਨ ਨਾਲ਼ ਦੀਵਾਨ ਦੀ ਸਮਾਪਤੀ ਹੋਈ। ਆਏ ਮੁਖੀ ਵਿਅਕਤੀਆਂ ਨੂੰ ਉਹਨਾਂ ਦੀਆਂ ਸੇਵਾਵਾਂ ਦੇ ਮਾਣ ਵਜੋਂ ਸਿਰੋਪੇ ਬਖ਼ਸ਼ੇ ਗਏ। ਹਰੇਕ ਦੀਵਾਨ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।