ਰਾਜੀਵ ਕੁਮਾਰ, ਮੈਲਬੌਰਨ : ਭਾਰਤ ਨਾਲ ਮੁਕਤ ਵਪਾਰ ਸਮਝੌਤੇ ’ਚ ਯੋਗ, ਸ਼ੈਫ ਤੇ ਵਰਕਿੰਗ ਵੀਜ਼ੇ ਦੀ ਇਜਾਜ਼ਤ ਤੋਂ ਬਾਅਦ ਆਸਟ੍ਰੇਲੀਆ ਭਾਰਤੀ ਫਾਰਮ (ਖੇਤੀਬਾਡ਼ੀ) ਸੈਕਟਰ ਨਾਲ ਜੁਡ਼ੇ ਵੀਜ਼ੇ ਲਈ ਵੀ ਆਪਣੇ ਦਰਵਾਜ਼ੇ ਖੋਲ੍ਹ ਸਕਦਾ ਹੈ। ਬੁੱਧਵਾਰ ਨੂੰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਡੇਨ ਟੇਹਨ ਨੇ ਇਸ ਗੱਲ ਦੇ ਸੰਕੇਤ ਦਿੱਤੇ। ਉੱਥੇ ਹੀ ਦੋਵਾਂ ਦੇਸ਼ਾਂ ਦੇ ਵਿਦਿਆਰਥੀ ਛੇਤੀ ਹੀ ਡੁਅਲ ਡਿਗਰੀ ਵਿਵਸਥਾ ਤਹਿਤ ਇੰਜੀਨੀਅਰਿੰਗ, ਮੈਡੀਕਲ ਤੇ ਹੋਰ ਸਿਲੇਬਸਾਂ ਦੀ ਪਡ਼੍ਹਾਈ ਕਰਨ ਸਕਣਗੇ। ਇਸ ਗੱਲ ’ਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਬਣ ਚੁੱਕੀ ਹੈ। ਛੇਤੀ ਹੀ ਭਾਰਤ ਤੇ ਆਸਟ੍ਰੇਲੀਆ ਦੇ ਮਨੁੱਖੀ ਵਸੀਲੇ ਮੰਤਰਾਲੇ ਨਾਲ ਮਿਲ ਕੇ ਡੁਅਲ ਡਿਗਰੀ ਵਿਵਸਥਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉੱਥੇ ਹੀ ਬੀਤੀ ਦੋ ਅਪ੍ਰੈਲ ਨੂੰ ਹੋਏ ਮੁਕਤ ਵਪਾਰ ਸਮਝੌਤੇ ਤੋਂ ਉਤਸ਼ਾਹਿਤ ਭਾਰਤ ਤੇ ਆਸਟਰੇਲੀਆ ਹੁਣ ਸਾਲ 2030 ਤੱਕ ਆਪਣੇ ਵਪਾਰ ਨੂੰ 100 ਅਰਬ ਡਾਲਰ (ਕਰੀਬ 7.5 ਲੱਖ ਕਰੋਡ਼ ਰੁਪਏ) ਤੱਕ ਲੈ ਕੇ ਜਾਣਾ ਚਾਹੁੰਦੇ ਹਨ। ਫਿਲਹਾਲ ਦੋਵਾਂ ਦੇਸ਼ਾਂ ਵਿਚਕਾਰ 27.5 ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ।

ਬੁੱਧਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਦੇ ਵਪਾਰ ਮੰਡਲ ਦੀ ਬੈਠਕ ’ਚ ਟੇਹਨ ਨੇ ਕਿਹਾ ਕਿ ਉਹ ਸਰਵਿਸ ਸੈਕਟਰ ’ਚ ਭਾਰਤ ਦੇ ਯੋਗ ਤੇ ਸ਼ੈਫ ਤੋਂ ਇਲਾਵਾ ਹੋਰ ਸੈਕਟਰ ਲਈ ਵੀ ਆਸਟ੍ਰੇਲੀਆ ਦਾ ਦਰਵਾਜ਼ਾ ਖੋਲ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਫਾਰਮ ਸੈਕਟਰ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਭਾਰਤ ਆਸਟ੍ਰੇਲੀਆ ’ਤੇ ਫਾਰਮ ਸੈਕਟਰ ਦੀ ਵੀਜ਼ਾ ਇਜਾਜ਼ਤ ਦੇਣ ਲਈ ਲਗਾਤਾਰ ਦਬਾਅ ਬਣਾ ਰਿਹਾ ਹੈ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਭਾਰਤ ਦੇ ਖੇਤੀ ਕਾਮਿਆਂ ਨੂੰ ਵੀ ਆਸਟ੍ਰੇਲੀਆ ’ਚ ਕੰਮ ਕਰਨ ਦਾ ਮੌਕਾ ਮਿਲੇਗਾ। ਆਸਟ੍ਰੇਲੀਆ ’ਚ ਖੇਤੀਬਾਡ਼ੀ ਕਰਨ ਲਈ ਕਾਮਿਆਂ ਦੀ ਭਾਰੀ ਕਮੀ ਹੈ ਤੇ ਹੁਣੇ ਜਿਹੇ ਆਸਟ੍ਰੇਲੀਆ ਨੇ ਫਾਰਮ ਸੈਕਟਰ ’ਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਿਅਤਨਾਮ ਨੂੰ ਫਾਰਮ ਵੀਜ਼ਾ ਦੇਣ ਦੀ ਇਜਾਜ਼ਤ ਦਿੱਤੀ ਹੈ।

ਕੀ ਹੋਵੇਗੀ ਡੁਅਲ ਡਿਗਰੀ

ਟੇਹਨ ਨਾਲ ਗੱਲਬਾਤ ਤੋਂ ਬਾਅਦ ਭਾਰਤੀ ਵਣਜ ਤੇ ਸਨਅਤ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਡੁਅਲ ਡਿਗਰੀ ਵਿਵਸਥਾ ’ਤੇ ਦੋਵਾਂ ਦੇਸ਼ਾਂ ਵੱਲੋਂ ਮਨਜ਼ੂਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਆਪਸ ’ਚ ਸਹਿਮਤੀ ਬਣਾਉਣਗੇ। ਫਿਰ ਇਸ ਵਿਵਸਤਾ ਤਹਿਤ ਪਡ਼੍ਹਾਈ ਹੋਵੇਗੀ। ਇਸ ਤਹਿਤ ਚਾਰ ਸਾਲ ਦੇ ਕਿਸੇ ਕੋਰਸ ’ਚ ਦੋ ਸਾਲ ਭਾਰਤ ’ਚ ਤੇ ਦੋ ਸਾਲ ਆਸਟ੍ਰੇਲੀਆ ਵਿਦਿਆਰਥੀ ਨੂੰ ਪਡ਼੍ਹਨਾ ਪਵੇਗਾ। ਇਸ ਹਾਲਤ ’ਚ ਆਸਟ੍ਰੇਲੀਆ ਦੇ ਵਿਦਿਆਰਥੀ ਭਾਰਤ ’ਚ ਦੋ ਸਾਲ ਪਡ਼੍ਹਨਗੇ। ਦੋਵੇਂ ਦੇਸ਼ ਡੁਅਲ ਡਿਗਰੀ ਨੂੰ ਮਾਨਤਾ ਦੇਣਗੇ। ਗੋਇਲ ਤੇ ਟੇਹਨ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਵਿਵਸਥਾ ਨਾਲ ਗਿਆਨ ਪ੍ਰਾਪਤੀ ਦਾ ਪੱਧਰ ਕਾਫ਼ੀ ਉੱਤਮ ਹੋਵੇਗਾ। ਛੇਤੀ ਹੀ ਦੋਵਾਂ ਦੇਸ਼ਾਂ ਵਿਚਕਾਰ ਇਸ ਵਿਵਸਥਾ ਦੀ ਵਿਸਥਾਰਤ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

ਵਰਕਿੰਗ ਹਾਲੀਡੇ ਵੀਜ਼ਾ ਵਾਲੇ ਦੁਬਾਰਾ ਕਰ ਸਕਣਗੇ ਅਪਲਾਈ

ਐੱਫਟੀਏ ਮੁਤਾਬਕ ਆਸਟ੍ਰੇਲੀਆ ’ਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੂੰ ਦੋ ਤੋਂ ਚਾਰ ਸਾਲ ਦਾ ਵੀਜ਼ਾ ਦੇਣ ਤੋਂ ਇਲਾਵਾ ਹਾਲੀਡੇ ਵਰਕਿੰਗ ਵੀਜ਼ੇ ਲਈ ਵੀ ਆਸਟ੍ਰੇਲੀਆ ਤਿਆਰ ਹੋ ਗਿਆ ਹੈ। ਹਾਲੀਡੇ ਵਰਕਿੰਗ ਵੀਜ਼ਾ ਹੁਣ ਤੱਕ ਆਸਟ੍ਰੇਲੀਆ ਸਿਰਫ਼ ਵਿਕਸਤ ਤੇ ਯੂਰਪੀ ਦੇਸ਼ਾਂ ਦੇ ਨਾਗਰਿਕਾਂ ਨੂੰ ਹੀ ਦਿੰਦਾ ਰਿਹਾ ਹੈ। ਵਰਕ ਤੇ ਹਾਲੀਡੋ ਵੀਜ਼ਾ ’ਚ ਕਿਸੇ ਖ਼ਾਸ ਸੈਕਟਰ ਦੀ ਵਿਸ਼ੇਸ਼ ਜਾਣਕਾਰੀ ਤੇ ਅੰਗਰੇਜ਼ੀ ਦੀ ਚੰਗੀ ਜਾਣਕਾਰੀ ਜ਼ਰੂਰੀ ਹੈ। ਪਰ ਵਰਕਿੰਗ ਵੀਜ਼ੇ ’ਚ ਅਜਿਹੀ ਕੋਈ ਸ਼ਰਤ ਨਹੀਂ ਹੁੰਦੀ। ਸੈਕੰਡਰੀ ਸਕੂਲ ਦੀ ਸਿੱਖਿਆ ਦੇ ਦੋ ਸਾਲ ਤੱਕ ਦੀ ਪਡ਼੍ਹਾਈ ਤੋਂ ਬਾਅਦ ਤੇ ਅੰਗਰੇਜ਼ੀ ਦੀ ਗ਼ੈਰ ਰਸਮੀ ਜਾਣਕਾਰੀ ਵਾਲੇ ਵਿਦਿਆਰਥੀ ਹਾਲੀਡੇ ਵਰਕਿੰਗ ਵੀਜ਼ਾ ਪ੍ਰਾਪਤ ਕਰ ਸਕਣਗੇ। ਆਸਟ੍ਰੇਲੀਆ ਹਰ ਸਾਲ 1,000 ਭਾਰਤੀਆਂ ਨੂੰ ਵਰਕਿੰਗ ਵੀਜ਼ਾ ਦੇਵੇਗਾ। ਇਕ ਵਾਰ ਵਰਕਿੰਗ ਵੀਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਜਾਂ ਕੋਈ ਵਿਅਕਤੀ ਦੋਬਾਰਾ ਵੀ ਵਰਕਿੰਗ ਵੀਜ਼ੇ ਲਈ ਅਰਜ਼ੀ ਦੇ ਸਕੇਗਾ। ਇਸ ਵੀਜ਼ੇ ਦੀ ਮਿਆਦ ਇਕ ਸਾਲ ਹੋਵੇਗੀ।

Posted By: Tejinder Thind