ਕੈਨਬਰਾ (ਏਜੰਸੀ) : ਆਸਟ੍ਰੇਲੀਆ 'ਚ ਖਬਰਾਂ ਦੇ ਭੁਗਤਾਨ ਲਈ ਕਾਨੂੰਨ ਬਣਨ ਤੋਂ ਇਕ ਦਿਨ ਬਾਅਦ ਹੀ ਫੇਸਬੁੱਕ ਨੇ ਇਸ ਦੇਸ਼ ਦੇ ਅਖਬਾਰਾਂ ਨਾਲ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਿੱਗਜ ਸੋਸ਼ਲ ਮੀਡੀਆ ਨੇ ਸ਼ੁੱਕਰਵਾਰ ਨੂੰ ਤਿੰਨ ਆਸਟ੍ਰੇਲੀਆਈ ਅਖ਼ਬਾਰਾਂ ਨਾਲ ਸ਼ੁਰੂਆਤੀ ਸਮਝੌਤਾ ਹੋਣ ਦਾ ਐਲਾਨ ਕੀਤਾ।

ਫੇਸਬੁੱਕ ਨੇ ਇਕ ਬਿਆਨ 'ਚ ਕਿਹਾ ਕਿ ਤਿੰਨ ਸੁਤੰਤਰ ਸਮਾਚਾਰ ਜਥੇਬੰਦੀਆਂ ਪ੍ਰਰਾਈਵੇਟ ਮੀਡੀਆ, ਸ਼ਵਾਰਟਸ ਮੀਡੀਆ ਤੇ ਸਾਲਸਟਾਈਸ ਮੀਡੀਆ ਨਾਲ ਸ਼ੁਰੂਆਤੀ ਸਮਝੌਤਾ ਕੀਤਾ ਗਿਆ ਹੈ। ਅਗਲੇ 60 ਦਿਨਾਂ 'ਚ ਪੂਰਣ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ। ਆਸਟ੍ਰੇਲੀਆਈ ਸੰਸਦ ਨੇ ਖਬਰਾਂ ਦੇ ਭੁਗਤਾਨ ਨੂੰ ਲੈ ਕੇ ਵੀਰਵਾਰ ਨੂੰ ਨਿਊਜ਼ ਮੀਡੀਆ ਬਾਰਗੀਨਿੰਗ ਕੋਡ ਨਾਂ ਦੇ ਸੋਧੇ ਬਿੱਲ 'ਤੇ ਮੋਹਰ ਲਗਾਈ ਸੀ। ਇਸ ਕਾਨੂੰਨ ਦੇ ਤਹਿਤ ਗੂਗਲ ਤੇ ਫੇਸਬੁੱਕ ਵਰਗੀਆਂ ਪ੍ਰਮੁੱਖ ਕੰਪਨੀਆਂ ਨੂੰ ਖ਼ਬਰਾਂ ਦੀ ਵਰਤੋਂ ਕਰਨ 'ਤੇ ਆਸਟ੍ਰੇਲੀਆਈ ਮੀਡੀਆ ਕੰਪਨੀਆਂ ਨਾਲ ਸਮਝੌਤਾ ਕਰਨਾ ਪਵੇਗਾ। ਇਸ ਨਵੇਂ ਕਾਨੂੰਨ ਦੇ ਮੱਦੇਨਜ਼ਰ ਗੂਗਲ ਪਹਿਲਾਂ ਹੀ ਨਿਊਜ਼ ਕਾਰਪ ਤੇ ਸੈਵਨ ਵੈਸਟ ਮੀਡੀਆ ਸਮੇਤ ਕਈ ਵੱਡੀਆਂ ਆਸਟ੍ਰੇਲੀਆਈ ਮੀਡੀਆ ਕੰਪਨੀਆਂ ਨਾਲ ਸਮਝੌਤਾ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਖਬਰਾਂ ਦੇ ਭੁਗਤਾਨ ਨੂੰ ਲੈ ਕੇ ਫੇਸਬੁੱਕ ਤੇ ਆਸਟ੍ਰੇਲੀਆਈ ਸਰਕਾਰ ਵਿਚਾਲ ਹਾਲੀਆ ਤਣਾਅ ਵੱਧ ਗਿਆ ਸੀ। 18 ਫਰਵਰੀ ਨੂੰ ਫੇਸਬੁੱਕ ਨੇ ਆਪਣੇ ਪਲੇਟਫਾਰਮ 'ਤੇ ਆਸਟ੍ਰੇਲੀਆਈ ਲੋਕਾਂ ਦੇ ਨਿਊਜ਼ ਦੇਖਣ ਤੇ ਸਾਂਝਾ ਕਰਨ 'ਤੇ ਰੋਕ ਲਗਾ ਦਿੱਤੀ ਸੀ। ਇਸਦੇ ਬਾਅਦ ਉਸਨੇ ਆਪਣੇ ਕਦਮ ਪਿੱਛੇ ਖਿੱਚਦੇ ਹੋਏ ਮੰਗਲਵਾਰ ਨੂੰ ਇਸ ਦੇਸ਼ 'ਚ ਆਪਣੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਸਨ। ਫੇਸਬੁੱਕ ਨੇ ਆਸਟ੍ਰੇਲੀਆਈ ਸਰਕਾਰ ਨਾਲ ਕਾਨੂੰਨ 'ਚ ਬਦਲਾਅ ਨੂੰ ਲੈ ਕੇ ਸਮਝੌਤੇ ਦੇ ਬਾਅਦ ਇਹ ਕਦਮ ਚੁੱਕਿਆ ਸੀ।

Posted By: Susheel Khanna