ਮੈਲਬੌਰਨ : ( ਖੁਸ਼ਪ੍ਰੀਤ ਸਿੰਘ ਸੁਨਾਮ) ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਬੀਤੇ ਦਿਨੀਂ ਮੈਲਬੌਰਨ ਦੇ ਉੱਤਰ- ਪੂਰਬ ਦੇ ਇਲਾਕੇ ਸਾਊਥ ਮੌਰਾਂਗ ਵਿਖੇ “ ਅੰਤਰ ਰਾਸ਼ਟਰੀ ਮਹਿਲਾ ਦਿਵਸ “ ਮਨਾਇਆ ਗਿਆ ਜਿਸ ਵਿੱਚ ਮੈਲਬੌਰਨ ਦੇ ਦੀਆਂ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ । ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਦੇ ਕਰਤਾ ਧਰਤਾ ਅਤੇ ਹਰਮਨ ਰੇਡੀਓ ਦੇ ਮੈਲਬੌਰਨ ਤੋਂ ਸੰਚਾਲਕ ਅਮਰਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਅਜੋਕੇ ਸਮੇਂ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ , ਗੁਰੂ ਸਾਹਿਬਾਨ ਵੱਲੋਂ ਔਰਤ ਨੂੰ ਦਿੱਤਾ ਉੱਚਾ ਦਰਜਾ , ਘਰੇਲੂ ਹਿੰਸਾ , ਘਰੇਲੂ ਸਮੱਸਿਆਵਾਂ , ਸੰਭਾਵਨਾਵਾਂ , ਹੱਲ ਆਦਿ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ।

ਸਮਾਗਮ ਵਿੱਚ ਆਈਆਂ ਹੋਈਆਂ ਸ਼ਖਸ਼ੀਅਤਾਂ ਜਿਹਨਾਂ ਵਿੱਚ ਰਿਚਰਡ ਵੈਲਚ , ਗੁਰਿੰਦਰ ਕੌਰ ਸਿੰਘ ਸਟੇਸ਼ਨ , ਅਮਿਤਾ ਗਿੱਲ , ਕੀਰਤ ਕੌਰ , ਨੈਣਾ ਭੰਡਾਰੀ , ਅਨਸਮ ਸਾਦਿਕ , ਕਰਾਂਥੀ , ਮੈਰੀ ਲੇਲੀਓਸ ਨੇ ਨਾਰੀ ਸ਼ਕਤੀ ਤੇ ਹੋਰ ਵਿਸ਼ਿਆਂ ਉੱਪਰ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਦੇ ਵਿਦਿਆਰਥੀਆਂ ਵੱਲੋ ਖੇਡਿਆ ਗਿਆ ਨਾਟਕ “ ਸੋ ਕਿਉਂ ਮੰਦਾ ਆਖੀਐ …. “ ਨਾਂ ਕੇਵਲ ਬਹੁਤ ਸਾਰਥਿਕ ਸੁਨੇਹਾ ਦੇ ਗਿਆ ਬਲਕਿ ਨਾਟਕ ਦੇ ਕਲਾਕਾਰਾਂ ਦੀ ਅਦਾਕਾਰੀ ਦਰਸ਼ਕਾਂ ਨੂੰ ਭਾਵੁਕ ਵੀ ਕਰ ਗਈ । ਸਟੇਜ ਸੰਚਾਲਨ ਦੀ ਜ਼ੁੰਮੇਵਾਰੀ ਅਵਨੀਤ ਕੌਰ ਤੇ ਏਕਜੋਤ ਕੌਰ ਨੇ ਸਾਂਝੇ ਤੌਰ ਤੇ ਬਾਖੂਬੀ ਨਿਭਾਈ । ਸਮਾਗਮ ਦੇ ਅੰਤ ਵਿੱਚ ਪੰਜਾਬੀ ਥੀਏਟਰ ਤੇ ਫੋਕ ਅਕੈਡਮੀ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨਾਂ, ਬਾਲ ਕਲਾਕਾਰਾਂ ਅਤੇ ਸਹਿਯੋਗੀਆਂ ਦੇ ਨਾਲ ਨਾਲ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਪੰਜਾਬ ਥੀਏਟਰ ਅਤੇ ਫੋਕ ਅਕੈਡਮੀ ਦੀ ਸਮੁੱਚੀ ਟੀਮਵਲੋ ਆਏ ਦਰਸ਼ਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Posted By: Neha Diwan