ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆ ’ਚ 10 ਅਗਸਤ ਨੂੰ ਮਰਦਮਸ਼ੁਮਾਰੀ ਸ਼ੁਰੂ ਹੋਣ ਜਾ ਰਹੀ ਹੈ। ਹਰੇਕ ਪੰਜ ਸਾਲ ਬਾਅਦ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਤੋਂ ਪਤਾ ਲੱਗਦਾ ਹੈ ਕਿ ਦੇਸ਼ ’ਚ ਕਿਹੜੇ ਭਾਈਚਾਰੇ ਦੀ ਕਿੰਨੀ ਗਿਣਤੀ ਹੈ ਤੇ ਉਹ ਕਿਹੜੀ ਬੋਲੀ ਬੋਲਦੇ ਹਨ। ਇਨ੍ਹਾਂ ਅੰਕਿੜਆਂ ਦੇ ਆਧਾਰ ’ਤੇ ਹੀ ਸਕੂਲ, ਹਸਪਤਾਲ, ਕਮਿਊਨਿਟੀ ਸੈਂਟਰ ਆਦਿ ਸਹੂਲਤਾਂ ਲਈ ਫੈਡਰਲ ਤੇ ਸੂਬਾ ਸਰਕਾਰਾਂ ਵੱਲੋ ਗਰਾਂਟਾ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਵਾਰ ਇੱਥੇ ਵੱਸਦਾ ਪੰਜਾਬੀ ਭਾਈਚਾਰਾ ਪੂਰਾ ਜ਼ੋਰ ਲਗਾ ਰਿਹਾ ਹੈ ਕਿ ਪੰਜਾਬੀ ਭਾਈਚਾਰੇ ਦੇ ਵੱਧ ਤੋਂ ਵੱਧ ਲੋਕ ਆਪਣੀ ਬੋਲੀ ਪੰਜਾਬੀ ਲਿਖਵਾਉਣ ਤਾਂ ਜੋ ਇਹ ਆਸਟ੍ਰੇਲੀਆ ਦੀਆਂ ਮੁੁੱਖ ਭਾਸ਼ਾਵਾਂ ’ਚ ਹੋਰ ਉੱਚਾ ਸਥਾਨ ਹਾਸਲ ਕਰ ਸਕੇ।

ਅੰਕੜਾ ਵਿਭਾਗ ਵੱਲੋਂ ਕਰਵਾਈ ਜਾਣ ਵਾਲੀ ਇਸ ਮਰਦਸ਼ੁਮਾਰੀ ’ਚ ਹਰੇਕ ਦਾ ਹਿੱਸਾ ਲੈਣਾ ਜ਼ਰੂਰੀ ਹੈ, ਭਾਵੇਂ ਉਹ ਕਿਸੇ ਵੀ ਵੀਜ਼ੇ ’ਤੇ ਹੋਵੇ। ਇਹ ਜ਼ਰੂਰੀ ਨਹੀਂ ਕਿ ਉਹ ਇੱਥੋਂ ਦਾ ਸਥਾਈ ਨਾਗਰਿਕ ਹੈ ਜਾਂ ਨਹੀਂ। ਸਿਰਫ਼ ਦੇਸ਼ ਤੋ ਬਾਹਰ ਗਏ ਨਾਗਰਿਕ ਇਸ ’ਚ ਹਿੱਸਾ ਨਹੀਂ ਲੈ ਸਕਣਗੇ। ਮਰਦਮਸ਼ੁਮਾਰੀ ’ਚ ਸ਼ਮੂਲੀਅਤ ਪੱਤਰ ਵਿਹਾਰ ਜਾਂ ਆਨਲਾਇਨ ਦੋਵਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਪੱਤਰ ਵਿਹਾਰ ਲਈ ਹਰੇਕ ਘਰ ਇਕ ਫਾਰਮ ਪੁੱਜੇਗਾ, ਜਿਸ ’ਤੇ ਇਕ ਕੋਡ ਹੋਵੇਗਾ। ਇਹ ਫਾਰਮ ਭਰ ਕੇ ਭੇਜਣਾ ਪਵੇਗਾ। ਇਹ ਫਾਰਮ ਆਨਲਾਇਨ ਵੀ ਭਰਿਆ ਜਾ ਸਕਦਾ ਹੈ। ਫਾਰਮ ’ਚ ਦਰਸਾਏ ਗਏ ਸਵਾਲਾਂ ’ਚੋਂ ਇਕ ਸਵਾਲ ਘਰ ’ਚ ਅੰਗਰੇਜ਼ੀ ਤੋਂ ਇਲਾਵਾ ਬੋਲੀ ਜਾਣ ਵਾਲੀ ਹੋਰ ਬਾਸ਼ਾ ਤੇ ਧਰਮ ਬਾਰੇ ਵੀ ਪੁੱਛਿਆ ਜਾਵੇਗਾ।

ਆਸਟ੍ਰੇਲੀਆ ਦੇ ਅੰਕੜਾ ਵਿਭਾਗ ਵੱਲੋਂ ਕਰਵਾਈ ਜਾਂਦੀ ਇਕ ਮਰਦਮਸ਼ੁਮਾਰੀ ਤੋਂ ਹਾਸਲ ਹਰੇਕ ਨਾਗਰਿਕ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। 2011 ’ਚ ਹੋਈ ਮਰਦਮਸ਼ੁਮਾਰੀ ਦੌਰਾਨ ਆਸਟ੍ਰੇਲੀਆ ’ਚ ਪੰਜਾਬੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਜਦੋਂ ਕਿ ਸਿਰਫ਼ 71230 ਨੇ ਆਪਣੀ ਬੋਲੀ ਪੰਜਾਬੀ ਭਰੀ। ਇਸ ਤਰਾਂ 2016 ’ਚ 132499 ਨੇ ਆਪਣੀ ਬੋਲੀ ਪੰਜਾਬੀ ਲਿਖਵਾਈ ਸੀ ਤੇ ਪੰਜਾਬੀ ਬੋਲੀ ਨੂੰ ਆਸਟ੍ਰੇਲੀਆ ’ਚ ਤੇਜੀ ਨਾਲ ਉੱਭਰਦੀਆਂ ਭਾਸ਼ਾਵਾਂ ’ਚ ਦਰਜ ਕੀਤਾ ਗਿਆ ਸੀ। ਆਸਟ੍ਰੇਲੀਆ ’ਚ 2016 ਤੋਂ ਲੈ ਕੇ 2021 ਦੇ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਾਫੀ ਵਧੀ ਹੈ ਤੇ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦਾ ਅੰਕੜਾ ਹੋਰ ਵੀ ਵਧੇਗਾ। ਇਸ ਵਾਰ ਵੀ ਪੰਜਾਬੀ ਬੋਲੀ ਨੂੰ ਆਸਟ੍ਰੇਲੀਆ ਦੀਆਂ ਮੁੱਖ ਭਾਸ਼ਾਵਾਂ ’ਚ ਪ੍ਰਮਾਣਿਤ ਕਰਾਉਣ ਅਤੇ ਇਸ ਮਰਦਮਸ਼ੁਮਾਰੀ ’ਚ ਹਿੱਸਾ ਲੈਣ ਲਈ ਪੰਜਾਬੀ ਪ੍ਰੇਮੀਆਂ ਨੇ ਦੇਸ਼ ਭਰ ’ਚ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਗੁਰੂਘਰਾਂ, ਸੋਸ਼ਲ ਮੀਡੀਆ, ਮੀਟਿੰਗਾਂ ਰਾਂਹੀ ਤੇ ਸੰਚਾਰ ਦੇ ਹੋਰ ਸਾਧਨਾਂ ਦੇ ਰਾਂਹੀ ਆਸਟ੍ਰੇਲੀਆ ’ਚ ਵਸਦੇ ਪੰਜਾਬੀਆਂ ਨੂੰ ਆਪਣੀ ਬੋਲੀ ਪੰਜਾਬੀ ਲ਼ਿਖਵਾੳੇੁਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

Posted By: Jatinder Singh