ਵਾਸ਼ਿੰਗਟਨ : ਦੁਨੀਆ ਭਰ 'ਚ ਅੱਜਕੱਲ੍ਹ ਗਲੋਬਲ ਵਾਰਮਿੰਗ ਦੀ ਚਰਚਾ ਹੈ। ਜਲਵਾਯੂ ਬਦਲਾਅ ਕਾਰਨ ਧਰਤੀ ਜਿਸ ਤਰ੍ਹਾਂ ਗਰਮ ਹੋ ਰਹੀ ਹੈ, ਉਸ ਤੋਂ ਵਿਗਿਆਨੀ ਚਿੰਤਤ ਹਨ। ਹਾਲਾਂਕਿ ਇਨ੍ਹਾਂ ਸਭ ਦੇ ਦਰਮਿਆਨ ਆਮ ਲੋਕਾਂ 'ਚ ਇਕ ਹੋਰ ਵੀ ਸਵਾਲ ਉੱਠ ਰਿਹਾ ਹੈ। ਸਵਾਲ ਇਹ ਹੈ ਕਿ ਜੇਕਰ ਧਰਤੀ ਏਨੀ ਗਰਮ ਹੁੰਦੀ ਜਾ ਰਹੀ ਹੈ, ਤਾਂ ਮੌਸਮ ਏਨਾ ਸਰਦ ਕਿਉਂ ਹੈ?

ਦੁਨੀਆ ਦੇ ਵੱਡੇ ਹਿੱਸੇ 'ਚ ਇਸ ਸਮੇਂ ਠੰਢ ਦਾ ਕਹਿਰ ਹੈ। ਅਮਰੀਕਾ ਦੇ ਕੁਝ ਹਿੱਸੇ ਅਜਿਹੇ ਵੀ ਹਨ, ਜਿੱਥੇ ਤਾਪਮਾਨ ਸਿਫ਼ਰ ਤੋਂ ਵੀ 50 ਡਿਗਰੀ ਹੇਠਾਂ ਚਲਾ ਗਿਆ ਹੈ। ਬਰਫ਼ਬਾਰੀ ਦਾ ਦੌਰ ਵੀ ਜਾਰੀ ਹੈ। ਭਾਰਤ ਦੇ ਵੀ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋ ਰਹੀ ਹੈ। ਕਈ ਸਥਾਨਾਂ 'ਤੇ ਤਾਪਮਾਨ ਸਿਰਫ਼ ਤੋਂ ਹੇਠਾਂ ਪਹੁੰਚ ਰਿਹਾ ਹੈ। ਇਸ ਸਰਦ ਮੌਸਮ 'ਚ ਮਨ 'ਚ ਇਹ ਸਵਾਲ ਆਉਣਾ ਲਾਜ਼ਮੀ ਹੈ ਕਿ ਆਖ਼ਰ ਗਲੋਬਲ ਵਾਰਮਿੰਗ ਦਾ ਅਸਰ ਕਿੱਥੇ ਹੈ? ਜੇਕਰ ਗਲੋਬਲ ਵਾਰਮਿੰਗ ਵਾਕਈ ਸਮੱਸਿਆ ਹੈ ਤਾਂ ਫਿਰ ਇਸ ਭਿਆਨਕ ਸਰਦੀ ਦਾ ਕਾਰਨ ਕੀ ਹੈ? ਗਲੋਬਲ ਵਾਰਮਿੰਗ ਇਸ ਸਰਦੀ ਨੂੰ ਕੁਝ ਗਰਮ ਕਿਉਂ ਨਹੀਂ ਕਰ ਪਾ ਰਹੀ ਹੈ? ਆਮ ਲੋਕ ਹੀ ਨਹੀਂ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਨ 'ਚ ਵੀ ਇਹ ਸਵਾਲ ਚੁੱਕਿਆ ਹੈ। ਉਨ੍ਹਾਂ ਟਵੀਟ ਕਰ ਕੇ ਸਵਾਲ ਉਠਾਇਆ ਕਿ ਆਖ਼ਰ ਗਲੋਬਲ ਵਾਰਮਿੰਗ ਕਿੱਥੇ ਗਈ?

ਜਲਵਾਯੂ ਤੇ ਮੌਸਮ ਨੂੰ ਸਮਝਣਾ ਜ਼ਰੂਰੀ

ਇਸ ਗੱਲ ਨੂੰ ਸਮਝਣ ਲਈ ਸਾਨੂੰ ਜਲਵਾਯੂ ਤੇ ਮੌਸਮ ਦਾ ਫ਼ਰਕ ਜਾਣਨਾ ਪਵੇਗਾ। ਲੰਬੀ ਮਿਆਦ 'ਚ ਵਾਤਾਵਰਨ ਦੀ ਸਥਿਤੀ ਨੂੰ ਜਲਵਾਯੂ ਕਿਹਾ ਜਾਂਦਾ ਹੈ। ਉੱਥੇ ਕਿਸੇ ਛੋਟੀ ਮਿਆਦ 'ਚ ਵਾਤਾਵਰਨ 'ਚ ਜੋ ਹੋ ਰਿਹਾ ਹੈ, ਉਸ ਨੂੰ ਮੌਸਮ ਕਿਹਾ ਜਾਂਦਾ ਹੈ। ਮੌਸਮ ਨਿਸ਼ਚਤ ਵਖਵੇ 'ਤੇ ਬਦਲਦਾ ਰਹਿੰਦਾ ਹੈ। ਕੁਝ ਹੀ ਮਹੀਨੇ ਦੇ ਵਖਵੇ 'ਤੇ ਆਉਣ ਵਾਲੇ ਸਰਦੀ ਤੇ ਗਰਮੀ ਦੇ ਮੌਸਮ 'ਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਉੱਥੇ ਜਲਵਾਯੂ ਵਾਤਾਵਰਨ ਦਾ ਇਕ ਸਮੱਗਰ ਰੂਪ ਹੈ।

ਬਟੂਏ ਤੇ ਜਾਇਦਾਦ ਜਿਹਾ ਹੈ ਫ਼ਰਕ

ਇਸ ਗੱਲ ਨੂੰ ਆਸਾਨ ਭਾਸ਼ਾ 'ਚ ਇੰਜ ਵੀ ਸਮਿਝਆ ਜਾ ਸਕਦਾ ਹੈ ਕਿ ਮੌਸਮ ਤੁਹਾਡੇ ਬਟੂਏ 'ਚ ਰੱਖੇ ਪੈਸੇ ਜਿਹਾ ਹੈ। ਉੱਥੇ ਜਲਵਾਯੂ ਤੁਹਾਡੀ ਜਾਇਦਾਦ ਹੈ। ਬਟੂਆ ਗੁੰਮ ਹੋ ਜਾਵੇ ਤਾਂ ਕੋਈ ਗ਼ਰੀਬ ਨਹੀਂ ਹੋ ਜਾਂਦਾ, ਪਰ ਜਾਇਦਾਦ ਨਸ਼ਟ ਹੋ ਜਾਵੇ ਤਾਂ ਵਿਅਕਤੀ ਬਰਬਾਦ ਹੋ ਸਕਦਾ ਹੈ। ਜਲਵਾਯੂ ਤੇ ਮੌਸਮ ਦਾ ਵੀ ਅਜਿਹਾ ਹੀ ਸਬੰਧ ਹੈ। ਜਿਸ ਦਿਨ ਤੁਹਾਡੇ ਆਸਪਾਸ ਦਾ ਤਾਪਮਾਨ ਔਸਤ ਤੋਂ ਘੱਟ ਹੁੰਦਾ ਹੈ, ਠੀਕ ਉਸੇ ਸਮੇਂ ਪੂਰੀ ਧਰਤੀ ਦਾ ਔਸਤ ਤਾਪਮਾਨ ਸਾਧਾਰਨ ਤੋਂ ਵੱਧ ਵੀ ਹੋ ਸਕਦਾ ਹੈ।

ਅੰਕੜਿਆਂ 'ਚ ਸਪਸ਼ਟ ਦਿਸਦਾ ਹੈ ਫ਼ਰਕ

ਇਸ ਨੂੰ ਇਕ ਉਦਾਹਰਣ ਨਾਲ ਸਮਿਝਆ ਜਾ ਸਕਦਾ ਹੈ। ਦਸੰਬਰ, 2017 'ਚ ਜਿਸ ਸਮੇਂ ਅਮਰੀਕਾ ਦਾ ਕੁਝ ਹਿੱਸਾ ਅੌਸਤ ਤੋਂ 15 ਤੋਂ 30 ਡਿਗਰੀ ਫਾਰੇਨਹੀਟ ਤਕ ਜ਼ਿਆਦਾ ਸਰਦ ਸੀ, ਉਸੇ ਸਮੇਂ ਦੁਨੀਆ 1979 ਤੋਂ 2000 ਦੇ ਅੌਸਤ ਤੋਂ 0.9 ਡਿਗਰੀ ਫਾਰੇਨਹੀਟ ਜ਼ਿਆਦਾ ਗਰਮ ਸੀ। ਜਦੋਂ ਮੌਸਮ ਵਿਗਿਆਨੀ ਕਹਿੰਦੇ ਹਨ ਕਿ ਇਸ ਸਦੀ ਦੇ ਅਖ਼ੀਰ ਤਕ ਦੁਨੀਆ ਦਾ ਅੌਸਤ ਤਾਪਮਾਨ ਦੋ ਤੋਂ ਸੱਤ ਡਿਗਰੀ ਫਾਰੇਨਹੀਟ ਤਕ ਵਧ ਜਾਵੇਗਾ, ਇਸ ਦਾ ਇਹ ਅਰਥ ਨਹੀਂ ਹੁੰਦਾ ਹੀ ਸਰਦੀਆਂ ਘੱਟ ਸਰਦ ਹੋ ਜਾਣਗੀਆਂ। ਇਸ ਦਾ ਅਰਥ ਹੈ ਕਿ ਮੌਸਮ ਪਹਿਲਾਂ ਵਾਂਗ ਹੀ ਸਰਦ ਹੁੰਦਾ ਰਹੇਗਾ, ਪਰ ਸਰਦੀ ਦਾ ਦਾਇਰਾ ਘੱਟ ਹੋਣ ਲੱਗੇਗਾ। ਇਕ ਅਧਿਐਨ ਮੁਤਾਬਕ, 1950 ਦੇ ਦਹਾਕੇ 'ਚ ਅਮਰੀਕਾ 'ਚ ਸਭ ਤੋਂ ਗਰਮ ਤੇ ਸਭ ਤੋਂ ਸਰਦ ਦਿਨਾਂ ਦੀ ਗਿਣਤੀ ਲਗਪਗ ਬਰਾਬਰ ਸੀ। ਉੱਥੇ 2000 ਦੇ ਦਹਾਕੇ 'ਚ ਸਭ ਤੋਂ ਗਰਮ ਦਿਨਾਂ ਦੀ ਗਿਣਤੀ ਸਰਦ ਦਿਨਾਂ ਤੋਂ ਦੁੱਗਣੀ ਹੋ ਗਈ। ਇਸ ਦਾ ਮਤਲਬ ਹੈ ਕਿ ਸਰਦੀ ਦੇ ਮੌਸਮ 'ਚ ਭਿਆਨਕ ਸਰਦੀ ਤਾਂ ਪੈ ਰਹੀ ਹੈ, ਪਰ ਸਰਦ ਦਿਨਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ।