ਪਰਥ (ਏਪੀ/ਆਈਏਐੱਨਐੱਸ) : ਪੌਣ-ਪਾਣੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਧਰਤੀ ਨੂੰ ਬਚਾਉਣ ਦੀ ਮੁਹਿੰਮ ਤਹਿਤ ਦੁਨੀਆ ਭਰ 'ਚ ਦੋ ਦਿਨਾਂ ਤੋਂ ਚੱਲ ਰਹੇ ਵਿਰੋਧ ਮੁਜ਼ਾਹਰੇ ਦਾ ਅਸਰ ਆਸਟ੍ਰੇਲੀਆ ਦੇ ਕਈ ਸ਼ਹਿਰਾਂ 'ਚ ਵੀ ਦਿਸਿਆ। ਮੰਗਲਵਾਰ ਨੂੰ ਵੀ ਵੱਡੀ ਗਿਣਤੀ 'ਚ ਵਾਤਾਵਰਨ ਮੁਜ਼ਾਹਰਾਕਾਰੀ ਸੜਕਾਂ 'ਤੇ ਉਤਰੇ ਤੇ ਟ੍ਰੈਫਿਕ ਜਾਮ ਕੀਤੀ। ਆਸਟ੍ਰੇਲੀਆ 'ਚ ਪਿਛਲੇ ਦੋ ਦਿਨਾਂ ਦੌਰਾਨ 100 ਤੋਂ ਵੱਧ ਮੁਜ਼ਾਹਰਾਕਾਰੀ ਗਿ੍ਫ਼ਤਾਰ ਕੀਤੇ ਗਏ।

ਆਸਟ੍ਰੇਲੀਆ ਦੇ ਬਿ੍ਸਬੇਨ ਸ਼ਹਿਰ 'ਚ ਮੁਜ਼ਾਹਰਾਕਾਰੀਆਂ ਨੇ ਮਨੁੱਖੀ ਲੜੀ ਬਣਾ ਕੇ ਵਿਰੋਧ ਮੁਜ਼ਾਹਰਾ ਕੀਤਾ। ਇਸ ਦੌਰਾਨ ਕੰਕ੍ਰੀਟ ਨਾਲ ਭਰੇ ਪੀਪਿਆਂ 'ਚ ਫਸੇ ਤਿੰਨ ਲੋਕਾਂ ਰਾਹੀਂ ਧਰਤੀ 'ਤੇ ਪੌਣ-ਪਾਣੀ ਤਬਦੀਲੀ ਦੇ ਮਾੜੇ ਪ੍ਰਭਾਵ ਨੂੰ ਦਰਸਾਇਆ ਗਿਆ। ਜਦਕਿ ਇਕ ਮੁਜ਼ਾਹਰਾਕਾਰੀ ਨੇ ਸ਼ਹਿਰ ਦੇ ਇਕ ਪੁਲ਼ ਤੋਂ ਲਟਕ ਕੇ ਆਪਣਾ ਵਿਰੋਧ ਜਾਹਿਰ ਕੀਤਾ। ਇਸ ਸ਼ਹਿਰ 'ਚ 10 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ। ਜਦਕਿ ਸਿਡਨੀ ਸ਼ਹਿਰ 'ਚ 100 ਤੋਂ ਜ਼ਿਆਦਾ ਮੁਜ਼ਾਹਰਾਕਰੀਆਂ ਨੇ ਸ਼ਹਿਦ ਦੀ ਮੱਖੀ ਦੀ ਡ੍ਰੈੱਸ 'ਚ ਮੁਜ਼ਾਹਰਾ ਕੀਤਾ। ਪਰਥ ਸ਼ਹਿਰ 'ਚ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਮੁਜ਼ਾਹਰਾ ਕੀਤਾ।

ਯੂਰਪੀ ਸ਼ਹਿਰਾਂ 'ਚ ਦਿਸਿਆ ਅਸਰ

ਵਾਤਾਵਰਨ ਸਮੂਹ ਐਕਸਟਿੰਕਸ਼ਨ ਰਿਬੇਲੀਅਨ ਦੀ ਅਪੀਲ 'ਤੇ ਵਾਤਾਵਰਨ ਪ੍ਰਰੇਮੀਆਂ ਨੇ ਮੰਗਲਵਾਰ ਨੂੰ ਕਈ ਯੂਰਪੀ ਸ਼ਹਿਰਾਂ 'ਚ ਵਿਰੋਧ ਮੁਜ਼ਾਹਰਾ ਕੀਤਾ ਤੇ ਟ੍ਰੈਫਿਕ ਜਾਮ ਕੀਤਾ। ਲੰਡਨ ਤੋਂ ਲੈ ਕੇ ਬਰਲਿਨ ਤਕ ਵੱਡੀ ਗਿਣਤੀ 'ਚ ਮੁਜ਼ਾਹਰਾਕਾਰੀ ਸੜਕਾਂ 'ਤੇ ਉਤਰੇ। ਇਨ੍ਹਾਂ ਸ਼ਹਿਰਾਂ 'ਚ ਵੀ ਕਈ ਮੁਜ਼ਾਹਰਾਕਾਰੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।

ਨਿਊਯਾਰਕ 'ਚ ਵੀ 100 ਮੁਜ਼ਾਹਰਾਕਾਰੀ ਗਿ੍ਫ਼ਤਾਰ

ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਵੀ ਵੱਡੇ ਪੈਮਾਨੇ 'ਤੇ ਵਾਤਾਵਰਨ ਪ੍ਰਰੇਮੀਆਂ ਨੇ ਵਿਰੋਧ ਮੁਜ਼ਾਹਰਾ ਕੀਤਾ। ਸ਼ਹਿਰ ਦੀ ਟ੍ਰੈਫਿਕ ਵਿਵਸਥਾ 'ਚ ਰੁਕਾਵਟ ਪਾਉਣ 'ਤੇ 100 ਮੁਜ਼ਾਹਰਾਕਾਰੀ ਗਿ੍ਫ਼ਤਾਰ ਕੀਤੇ ਗਏ।

ਇਨ੍ਹਾਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਵਾਤਾਵਰਨ ਪ੍ਰੇਮੀ

ਬਰਤਾਨੀਆ ਦੇ ਵਾਤਾਵਰਨ ਸਮੂਹ ਐਕਸਟਿੰਕਸ਼ਨ ਰਿਬੇਲੀਅਨ ਦੇ ਸੱਦੇ 'ਤੇ ਦੁਨੀਆ ਦੇ ਕਰੀਬ 50 ਦੇਸ਼ਾਂ 'ਚ ਵਿਰੋਧ ਮੁਜ਼ਾਹਰਾ ਕੀਤਾ ਗਿਆ। ਇਸ ਸਮੂਹ ਦੀ ਮੰਗ ਹੈ ਕਿ ਪੌਣ-ਪਾਣੀ ਤਬਦੀਲੀ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕੇ ਜਾਣ ਤੇ ਸਾਲ 2025 ਤਕ ਕਾਰਬਨ ਨਿਕਾਸੀ ਸਿਫ਼ਰ ਦੇ ਪੱਧਰ 'ਤੇ ਲਿਆਂਦੀ ਜਾਵੇ।