ਮੈਲਬੌਰਨ (ਰਾਇਟਰ) : ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਕਰਾਰ ਦਿੱਤੇ ਗਏ ਵੈਟੀਕਨ ਦੇ ਸਾਬਕਾ ਖ਼ਜ਼ਾਨਚੀ ਜਾਰਜ ਪੇਲ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਆਸਟ੍ਰੇਲੀਆ ਵਿਚ ਗਿਰਜਾਘਰ ਦੇ ਸਰਬਉੱਚ ਪਾਦਰੀ ਜਾਰਜ ਪੇਲ ਦੀ ਜ਼ਮਾਨਤ ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ। 77 ਸਾਲ ਦੇ ਜਾਰਜ ਨੂੰ ਦੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਰੀਬ ਦੋ ਦਹਾਕੇ ਪਹਿਲੇ 13 ਸਾਲ ਦੇ ਦੋ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਹ ਤਦ ਮੈਲਬੌਰਨ ਦੇ ਆਰਕਬਿਸ਼ਪ ਸਨ। ਜਾਰਜ ਪੇਲ ਨੂੰ ਜਿਨਸੀ ਸ਼ੋਸ਼ਣ ਦੇ ਕੁੱਲ ਪੰਜ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 13 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।

ਆਸਟ੍ਰੇਲੀਆ ਨੇ ਇਸ ਮਾਮਲੇ ਨਾਲ ਜੁੜੀਆਂ ਖ਼ਬਰਾਂ ਦੀ ਪ੍ਕਾਸ਼ਨਾ 'ਤੇ ਰੋਕ ਲਗਾ ਰੱਖੀ ਸੀ ਜਿਸ ਨੂੰ ਮੰਗਲਵਾਰ ਨੂੰ ਹਟਾ ਦਿੱਤਾ ਗਿਆ। ਦੁਨੀਆ ਭਰ ਤੋਂ ਸਾਹਮਣੇ ਆ ਰਹੀਆਂ ਪਾਦਰੀਆਂ ਦੇ ਬਾਲ ਜਿਨਸੀ ਸ਼ੋਸ਼ਣ ਦੀਆਂ ਖ਼ਬਰਾਂ ਵਿਚਕਾਰ ਇਹ ਪਹਿਲਾ ਮਾਮਲਾ ਹੈ ਜਿਸ ਵਿਚ ਕਿਸੇ ਸਰਬਉੱਚ ਪਾਦਰੀ ਨੂੰ ਜੇਲ੍ਹ ਜਾਣਾ ਪਿਆ ਹੈ। ਜਾਰਜ ਪੋਪ ਫਰਾਂਸਿਸ ਦੇ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਪਿਛਲੇ ਹਫ਼ਤੇ ਕੈਥੋਲਿਕ ਹੈੱਡਕੁਆਰਟਰ ਵੈਟੀਕਨ ਵਿਚ ਬਾਲ ਜਿਨਸੀ ਸ਼ੋਸ਼ਣ ਖ਼ਿਲਾਫ਼ ਸਮਾਪਤ ਹੋਏ ਸੰਮੇਲਨ ਵਿਚ ਪੋਪ ਫਰਾਂਸਿਸ ਨੇ ਕਿਹਾ ਸੀ ਕਿ ਇਸ ਅਪਰਾਧ ਨੂੰ ਧਰਤੀ ਤੋਂ ਮਿਟਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਦਰੀਆਂ ਵੱਲੋਂ ਬਾਲ ਜਿਨਸੀ ਸ਼ੋਸ਼ਣ ਦੀਆਂ ਮਿਲ ਰਹੀਆਂ ਖ਼ਬਰਾਂ ਤੋਂ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ।